ਸੰਤੋਖ ਗਿੱਲ
ਗੁਰੂਸਰ ਸੁਧਾਰ, 17 ਨਵੰਬਰ
ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 106ਵੇਂ ਸ਼ਹੀਦੀ ਦਿਵਸ ਮੌਕੇ ਸਰਕਾਰੀ ਸਮਾਗਮਾਂ ਦੀ ਸਮਾਪਤੀ ਬਾਅਦ ਅੱਜ ਦਿਨ ਭਰ ਵੱਖ-ਵੱਖ ਇਲਾਕਿਆਂ ਤੋਂ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਕਾਫ਼ਲੇ ਸ਼ਹੀਦ ਦੇ ਜੱਦੀ ਪਿੰਡ ਸਰਾਭਾ ਵਿਚ ਪਹੁੰਚਦੇ ਰਹੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਪੱਧਰੀ ਜਥੇ ਮੋਟਰਸਾਈਕਲਾਂ, ਸਕੂਟਰਾਂ ਅਤੇ ਗੱਡੀਆਂ ਉੱਪਰ ਸਵਾਰ ਹੋ ਕੇ ਮਾਰਚ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਸ਼ਹੀਦ ਦੇ ਬੁੱਤ ਕੋਲ ਪਹੁੰਚੇ ਅਤੇ ਸ਼ਹੀਦ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀਆਂ ਭੇਟ ਕਰਦੇ ਰਹੇ। ਸ਼ਹੀਦ ਸਮਾਰਕ ਲਾਗੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਇੱਕੋ ਸਮੇਂ ਲਾਹੌਰ ਸਾਜ਼ਿਸ਼ ਕੇਸ ਵਿਚ ਫਾਂਸੀ ਚੜ੍ਹੇ ਜਗਤ ਸਿੰਘ ਸੁਰਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ, ਬਖ਼ਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ (ਤਿੰਨੇ ਪਿੰਡ ਗਿੱਲਵਾਲੀ) ਅਤੇ ਹਰਨਾਮ ਸਿੰਘ ਸਿਆਲਕੋਟੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਸਮੁੱਚੇ ਕਿਰਤੀ ਲੋਕਾਂ ਉੱਪਰ ਇਕ ਕਰਜ਼ ਹੈ। ਸਾਮਰਾਜਵਾਦ ਖ਼ਿਲਾਫ਼ ਫਾਂਸੀ ਚੜ੍ਹਨ, ਕਾਲੇ-ਪਾਣੀਆਂ ਵਿਚ ਉਮਰਾਂ ਦੀ ਕੈਦ ਕੱਟਣ, ਘਰਾਂ ਦੀਆਂ ਕੁਰਕੀਆਂ ਕਰਾਉਣ ਵਾਲੇ ਸੈਂਕੜੇ ਗ਼ਦਰੀਆਂ ਦਾ ਸੁਪਨਾ ਲੁੱਟ ਰਹਿਤ ਸਮਾਜਵਾਦੀ ਰਾਜ ਦੀ ਸਥਾਪਨਾ ਸੀ। ਉਨ੍ਹਾਂ ਕਿਹਾ ਕਿ 74 ਸਾਲਾਂ ਦੀ ਆਜ਼ਾਦੀ ਨੇ ਅਮੀਰਾਂ ਅਤੇ ਕਾਰਪੋਰੇਟਾਂ ਦੀਆਂ ਜਾਇਦਾਦਾਂ ਵਿਚ ਤਾਂ ਲੋਹੜੇ ਦਾ ਵਾਧਾ ਕੀਤਾ ਹੈ ਪਰ ਗ਼ਰੀਬ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਅਤੇ ਤੰਗੀਆਂ-ਤੁਰਸ਼ੀਆਂ ਦਾ ਸ਼ਿਕਾਰ ਹੈ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ, ਹਰਦੀਪ ਸਿੰਘ ਨੇ ਕਿਹਾ ਕਿ ਸ਼ਹੀਦ ਸਰਾਭਾ ਨੂੰ ਜ਼ਿਲ੍ਹੇ ਦੇ ਹਰ ਪਿੰਡ ਵਿਚ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ ਅਤੇ ਦਿੱਲੀ ਦੀਆਂ ਸਰਹੱਦਾਂ ਵੱਲ ਕੂਚ ਕਰਨ ਲਈ ਤਿਆਰੀਆਂ ਵਿੱਢੀਆਂ ਜਾਣਗੀਆਂ। ਉੱਧਰ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਕਿਸਾਨ ਆਗੂਆਂ ਨੇ 26 ਨਵੰਬਰ ਨੂੰ ਵੱਡੇ ਜਥੇ ਲੈ ਕੇ ਦਿੱਲੀ ਦੀਆਂ ਸਰਹੱਦਾਂ ਵੱਲ ਕੂਚ ਕਰਨ ਦਾ ਐਲਾਨ ਕੀਤਾ।