ਪੱਤਰ ਪ੍ਰੇਰਕ
ਸਮਰਾਲਾ, 18 ਅਗਸਤ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਹਦਾਇਤ ਉੱਤੇ ਕਿਸਾਨਾਂ ਨੂੰ ਸਬਸਿਡੀ ਉੱਤੇ ਮਸ਼ੀਨਾਂ ਦੇਣ ਲਈ 1178 ਕਰੋੜ ਇੱਕ ਕਿਸ਼ਤ ਵਿੱਚ ਦਿੱਤੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਮਸ਼ੀਨਾਂ ਦੀ ਵੰਡ ਸਮੇਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੋਵੇਂ ਹੱਥੀਂ ਮਾਲ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨਰੀ ਵੰਡਣ ਵੇਲੇ ਸ਼ਰਤ ਲਗਾਈ ਗਈ ਕਿ ਵਿਭਾਗ ਕੇਵਲ ਉਨ੍ਹਾਂ ਮਸ਼ੀਨਾਂ ਉੱਤੇ ਹੀ ਸਬਸਿਡੀ ਦੇਵੇਗਾ ਜੋ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹਨ। ਇਸੇ ਆੜ ਵਿੱਚ ਮਾਨਤਾ ਪ੍ਰਾਪਤ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਨੇ ਅਧਿਕਾਰੀਆਂ ਨੂੰ ਮੋਟੀਆਂ ਰਿਸ਼ਵਤਾਂ ਦਿੱਤੀਆਂ। ਸਿੱਟੇ ਵਜੋਂ ਹਰ ਮਸ਼ੀਨ ਦੀ ਕੀਮਤ ਬਾਜ਼ਾਰੀ ਕੀਮਤ ਨਾਲੋਂ ਸਬਸਿਡੀ ਉੱਤੇ ਦੁੱਗਣੀ ਤੋਂ ਵੱਧ ਹੋ ਗਈ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਕੇਵਲ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ 150 ਕਰੋੜ ਰੁਪਏ ਦੀਆਂ ਮਸ਼ੀਨਾਂ ਕਿਤੇ ਲੱਭਦੀਆਂ ਹੀ ਨਹੀਂ। ਦੂਜੇ ਪਾਸੇ ਬਿਨਾਂ ਸਬਸਿਡੀ ਉੱਤੇ ਸਬਸਿਡੀ ਵਾਲੀਆਂ ਮਸ਼ੀਨਾਂ ਤੋਂ ਵਧੀਆ ਮਸ਼ੀਨਾਂ ਮਾਰਕੀਟ ਵਿੱਚ ਅੱਧੇ ਭਾਅ ਮਿਲਦੀਆਂ ਹਨ। ਇਸ ਸਕੀਮ ਦਾ ਭ੍ਰਿਸ਼ਟ ਅਧਿਕਾਰੀਆਂ ਤੋਂ ਬਿਨਾਂ ਕਿਸਾਨਾਂ ਨੂੰ ਉੱਕਾ ਹੀ ਲਾਭ ਨਹੀਂ। ਉਨ੍ਹਾਂ ਮੰਗ ਕੀਤੀ ਕਿ ਜੇਕਰ ਹਰ ਪੱਧਰ ਉੱਤੇ ਹੋਏ ਭ੍ਰਿਸ਼ਟਾਚਾਰ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਹੁਣ ਤੱਕ ਦੀ ਕੇਂਦਰ ਵੱਲੋਂ ਆਈ ਕੁੱਲ ਸਬਸਿਡੀ ਦੀ ਰਾਸ਼ੀ ਵਿੱਚ ਘੱਟ ਤੋਂ ਘੱਟ ਇੱਕ ਹਜ਼ਾਰ ਕਰੋੜ ਦਾ ਘਪਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਬਸਿਡੀ ਦੀ ਰਕਮ ਸਿੱਧੀ ਕਿਸਾਨ ਨੂੰ ਅਦਾ ਕਰੇ ਅਤੇ ਖਰੀਦੀ ਮਸ਼ੀਨ ਦੀ ਜਾਂਚ ਬਾਅਦ ਵਿੱਚ ਕਰ ਲਈ ਜਾਏ, ਨਹੀਂ ਤਾਂ ਇਹ ਠੱਗੀ ਜਾਰੀ ਰਹੇਗੀ।