ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੂਨ
ਪਿਤਾ ਤੋਂ ਪੈਸੇ ਲੈ ਕੇ ਬੈਂਕ ’ਚ ਜਮ੍ਹਾਂ ਕਰਵਾਉਣ ਲਈ ਨਿਕਲੇ ਨੌਜਵਾਨ ਨੇ ਪੈਸੇ ਠੱਗਣ ਦੀ ਨੀਅਤ ਨਾਲ ਝੂਠੀ ਲੁੱਟ ਦਾ ਮਾਮਲਾ ਬਣਾ ਦਿੱਤਾ। ਨੌਜਵਾਨ ਨੇ ਪਿਤਾ ਨੂੰ ਫੋਨ ਕੀਤਾ ਕਿ ਉਸ ਤੋਂ 84 ਹਜ਼ਾਰ ਰੁਪਏ ਲੁੱਟ ਲਏ ਗਏ ਹਨ ਜਿਸ ਤੋਂ ਬਾਅਦ ਪਿਤਾ ਨੇ ਇਸ ਦੀ ਜਾਣਕਾਰੀ ਕੰਟਰੋਲ ਰੂਮ ’ਤੇ ਦਿੱਤੀ। ਦਿਨ ਦਿਹਾੜੇ ਲੁੱਟ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 7 ਤੇ ਏਸੀਪੀ ਪੂਰਬੀ ਜੋਤੀ ਉੱਥੇ ਪੁੱਜ ਗਏ। ਜਦੋਂ ਜਾਂਚ ਕੀਤੀ ਤਾਂ ਮਾਮਲਾ ਝੂਠਾ ਨਿਕਲਿਆ ਜਿਸ ਤੋਂ ਬਾਅਦ ਪਿਤਾ ਨੇ ਮੁਆਫ਼ੀ ਮੰਗੀ ਤੇ ਲੜਕੇ ਨੂੰ ਖੁਦ ਸਮਝਾਉਣ ਦੀ ਗੱਲ ਆਖ ਕੇ ਪੁਲੀਸ ਨੂੰ ਮਨਾਇਆ, ਜਿਸ ਤੋਂ ਬਾਅਦ ਪੁਲੀਸ ਉੱਥੋਂ ਚਲੀ ਗਈ। ਜਾਣਕਾਰੀ ਅਨੁਸਾਰ ਜਮਾਲਪੁਰ ਇਲਾਕੇ ’ਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਉਸਦੇ ਪਿਤਾ ਨੇ 84 ਹਜ਼ਾਰ ਰੁਪਏ ਚੰਡੀਗੜ੍ਹ ਰੋਡ ਸਥਿਤ ਬੈਂਕ ’ਚ ਜਮ੍ਹਾਂ ਕਰਵਾਉਣ ਲਈ ਭੇਜਿਆ ਸੀ। ਲੜਕੇ ਨੇ ਖ਼ੁਦ ਪੈਸੇ ਗਾਇਬ ਦੀ ਯੋਜਨਾ ਬਣਾਈ। ਉਸਨੇ ਬੈਂਕ ਦੇ ਬਾਹਰ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਉਸਨੂੰ ਗੁੱਸਾ ਨਾ ਕਰਨਾ ਜਾਂ ਮਾਰਨਾ ਨਹੀਂ, ਉਸ ਤੋਂ ਕੋਈ ਵਿਅਕਤੀ ਪੈਸੇ ਲੁੱਟ ਕੇ ਲੈ ਗਿਆ ਹੈ ਜਿਸ ਤੋਂ ਬਾਅਦ ਪਿਤਾ ਨੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਐਸ.ਐਚ.ਓ. ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਤੇ ਏਸੀਪੀ ਪੂਰਬੀ ਜੋਤੀ ਮੌਕੇ ’ਤੇ ਪੁੱਜੇ। ਉਨ੍ਹਾਂ ਪਹਿਲਾਂ ਨੌਜਵਾਨ ਨਾਲ ਗੱਲ ਕੀਤੀ ਤੇ ਉਸ ਦੀਆਂ ਗੱਲਾਂ ਤੋਂ ਕੁਝ ਗੜਬੜ ਨਜ਼ਰ ਆਉਣ ’ਤੇ ਉਨ੍ਹਾਂ ਸੀਸੀਟੀਵੀ ਚੈੱਕ ਕਰਵਾਏ ਤਾਂ ਪਤਾ ਲੱਗਿਆ ਕਿ ਮਾਮਲਾ ਝੂਠਾ ਹੈ ਜਿਸ ਤੋਂ ਬਾਅਦ ਪਿਤਾ ਨੇ ਮੁਆਫ਼ੀ ਮੰਗੀ ਤੇ ਲੜਕੇ ਨੂੰ ਖੁਦ ਸਮਝਾਉਣ ਦੀ ਗੱਲ ਆਖ ਕੇ ਪੁਲੀਸ ਨੂੰ ਮਨਾਇਆ, ਜਿਸ ਤੋਂ ਬਾਅਦ ਪੁਲੀਸ ਉੱਥੋਂ ਚਲੀ ਗਈ।