ਨਿੱਜੀ ਪੱਤਰ ਪ੍ਰੇਰਕ
ਖੰਨਾ, 29 ਅਕਤੂਬਰ
ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਦੇ ਕਹਾਣੀਕਾਰ ਤੇ ਲੇਖਕ ਗੁਲਜ਼ਾਰ ਸਿੰਘ ਸੰਧੂ ਦਾ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਗੁਰਪ੍ਰੀਤ ਸਿੰਘ ਅਤੇ ਭਰਪੂਰ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਕੂਲ ਆਫ ਪੰਜਾਬੀ ਦੇ ਪ੍ਰੋ. ਯੋਗਰਾਜ ਨੇ ਕਹਾਣੀਕਾਰ ਸੰਧੂ ਦੇ ਜੀਵਨ ਅਤੇ ਕਹਾਣੀ ਕਲਾ ਸਬੰਧੀ ਜਾਣਕਾਰੀ ਦਿੱਤੀ। ਸ੍ਰੀ ਸੰਧੂ ਨੇ ਸਰੋਤਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਦਾ ਅਸਲੀ ਤਜਰਬਾ ਤੇ ਇਸ ਵਿਚ ਵਾਪਰਿਆ ਹਕੀਕੀ ਘਟਨਾਕ੍ਰਮ ਹੀ ਉਨ੍ਹਾਂ ਦੀਆਂ ਕਹਾਣੀਆਂ ਦੀ ਕੱਚੀ ਸਮੱਗਰੀ ਸੀ। ਸੁਖਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਲਿਖਣ ਕਲਾ ਵਿਚ ਪ੍ਰਬੀਨ ਹੋਣ ਨਾਲ ਉਮੀਦ ਜਤਾਈ ਕਿ ਉਹ ਉੱਚੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਨ। ਸ੍ਰੀ ਸੰਧੂ ਨੇ ਵਿਦਿਆਰਥੀਆਂ ਦੇ ਕਈ ਸਵਾਲਾਂ ਦੇ ਬੜੇ ਸੁਲਝੇ ਤਰੀਕੇ ਨਾਲ ਜਵਾਬ ਦਿੱਤੇ। ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਜਜ਼ਬਾਤਾਂ ਨੂੰ ਕਾਗਜ਼ ’ਤੇ ਉਤਾਰਨਾਂ ਬੜਾ ਮੁਸ਼ਕਲ ਹੁੰਦਾ ਹੈ ਕਿਉਂਕਿ ਹਰ ਦਰਦ ਨੂੰ ਪਹਿਲਾਂ ਆਪ ਮਹਿਸੂਸ ਕਰਨਾ ਪੈਂਦਾ ਹੈ। ਇਸ ਮੌਕੇ ਹਰਪਿੰਦਰ ਸ਼ਾਹੀ, ਜਗਵਿੰਦਰ ਗਰੇਵਾਲ, ਡਾ. ਸੁਰਜੀਤ ਕੌਰ, ਸੰਜੀਵ ਕੁਮਾਰ, ਮੁਖਤਿਆਰ ਸਿੰਘ, ਜਤਿੰਦਰ ਹਾਂਸ, ਤਰਨ ਬੱਲ ਹਾਜ਼ਰ ਸਨ।