ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਅਕਤੂਬਰ
ਸ਼ਹਿਰ ਦੇ ਵੱਖ ਵੱਖ ਕਾਲਜਾਂ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਸਵਾਗਤ ਸਮਾਗਮ ਕਰਵਾਏ ਗਏ। ਖਾਲਸਾ ਕਾਲਜ ਫਾਰ ਵਿਮੈੱਨ ਵਿਖੇ ਬੀਏ ਭਾਗ ਪਹਿਲਾ ਤੇ ਐਮਏ ਭਾਗ ਪਹਿਲਾਂ ਦੀਆਂ ਵਿਦਿਆਰਥਣਾਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਕੀਤੀ ਗਈ। ਇਸ ਮੌਕੇ ਕਰਵਾਏ ਮਾਡਲਿੰਗ ਦੇ ਮੁਕਾਬਲੇ ਵਿੱਚੋਂ ਗਰਿਮਾ ਤੇ ਮਹਿਕ ਨੇ ਮਿਸ ਫਰੈਸ਼ਰ ਦਾ ਮੁਕਾਬਲਾ ਜਿੱਤਿਆ। ਕਾਲਜ ਪ੍ਰਿੰਸੀਪਲ ਮੁਕਤੀ ਗਿੱਲ ਅਤੇ ਪੰਜਾਬੀ ਵਿਭਾਗ ਦੀ ਮੁਖੀ ਇਕਬਾਲ ਕੌਰ ਨੇ ਵਿਦਿਆਰਥੀਆਂ ਵੱਲੋਂ ਪੇਸ਼ ਸਰਗਰਮੀਆਂ ਦੀ ਸ਼ਲਾਘਾ ਕੀਤੀ।
ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ, ਗੁੱਜਰਖਾਨ ਕੈਂਪਸ ਵਿਖੇ ਨਵੇਂ ਵਿਦਿਆਰਥੀਆਂ ਲਈ ਕਰਵਾਏ ਸਮਾਗਮ ਵਿੱਚ ਰੈਂਪ ’ਤੇ ਕੈਟਵਾਕ ਰਾਹੀਂ ਵਿਦਿਆਰਥੀਆਂ ਨੇ ਆਪਣਾ ਕਲਾ ਦਾ ਮੁਜ਼ਾਹਰਾ ਕੀਤਾ। ਇਸ ਮੁਕਾਬਲੇ ਵਿੱਚ ਹਰਲੀਨ ਕੌਰ, ਅੰਮ੍ਰਿਤ, ਸਮੀਪਿਆ, ਸਨੇਹਾ, ਹਰਸ਼ਪ੍ਰੀਤ ਅਤੇ ਸਮੰਥਾ ਨੇ ਵੱਖ ਵੱਖ ਜਮਾਤ ਵਿੱਚੋਂ ਫਰੈਸ਼ਰ ਦੇ ਖਿਤਾਬ ਜਿੱਤੇ। ਜੀਜੀਐੱਨਆਈਐਮਟੀ, ਸਿਵਲ ਲਾਈਨਜ਼ ’ਚ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਦੀ ਅਗਵਾਈ ਹੇਠ ਪ੍ਰੋਗਰਾਮ ਦੌਰਾਨ ਮਿਸਟਰ ਤੇ ਮਿਸ ਫਰੈਸ਼ਰ ਦੇ ਮੁਕਾਬਲੇ ਵਿੱਚ ਕੁੱਲ 55 ਵਿਦਿਆਰਥੀਆਂ ਨੇ ਹਿੱਸਾ ਲਿਆ। ਮਿਸਟਰ ਫਰੈਸ਼ਰ ਵੰਸ਼ ਅਤੇ ਅੰਕੁਸ਼ ਚੁਣੇ ਗਏ ਜਦਕਿ ਮਿਸ ਫਰੈਸ਼ਰ ਦੀਕਸ਼ਿਤਾ ਸ਼ਰਮਾ ਅਤੇ ਪਲਕ ਨੂੰ ਚੁਣਿਆ ਗਿਆ।