ਨਿੱਜੀ ਪੱਤਰ ਪ੍ਰੇਰਕ
ਖੰਨਾ, 31 ਮਈ
ਪਿੰਡ ਮਾਨੂੰਪੁਰ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਦੱਤ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਾਇਆ ਗਿਆ। ਡਾ. ਦੱਤ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੈ। ਇਸ ਤੋਂ ਇਲਾਵਾ ਸਿਗਰਟ ਤੇ ਬੀੜੀ ਦੀ ਵਰਤੋਂ ਨਾ ਸਿਰਫ਼ ਪੀਣ ਵਾਲੇ ਨੂੰ ਪ੍ਰਭਾਵਿਤ ਕਰਦੀ ਹੈ ਸਗੋਂ ਇਸ ਦਾ ਧੂੰਆਂ ਵੀ ਸਿਹਤ ’ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਗੁਰਦੀਪ ਸਿੰਘ ਤੇ ਗੁਰਮਿੰਦਰ ਸਿੰਘ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣ ਅਤੇ ਕਿਸੇ ਵਿੱਦਿਅਕ ਸੰਸਥਾ ਦੇ 100 ਗਜ਼ ਦੇ ਘੇਰੇ ਵਿੱਚ ਸਿਗਰਟ ਤੇ ਹੋਰ ਤੰਬਾਕੂ ਉਤਪਾਦਾਂ ਦੇ ਸੇਵਨ ਅਤੇ ਵਿਕਰੀ ’ਤੇ ਰੋਕ ਹੈ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਂਦੇ ਹਨ। ਇਸ ਮੌਕੇ ਸੁਰਿੰਦਰਪਾਲ ਮਹਿਤਾ, ਕੰਵਰਪ੍ਰੀਤ ਕੌਰ, ਸੁਮਨ ਲਤਾ, ਬੀਨਾ ਰਾਣੀ, ਰਣਜੀਤ ਕੌਰ, ਭੁਪਿੰਦਰ ਕੌਰ, ਹਰਜੀਤ ਕੌਰ, ਸੁਪਿੰਦਰ ਕੌਰ, ਜਗਦੀਪ ਸਿੰਘ, ਅਮਨਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।
ਜਗਰਾਉਂ (ਪੱਤਰ ਪ੍ਰੇਰਕ): ਸਿਵਲ ਹਸਪਤਾਲ ’ਚ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਦੀਪ ਮਹਿੰਦਰਾ ਦੀ ਪ੍ਰਧਾਨਗੀ ਹੇਠ ਤੰਬਾਕੂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ. ਮੁਨੀਤ ਲੂਥਰਾ, ਸੀਨੀਅਰ ਫਾਰਮਾਸਿਸਟ ਬਲਜਿੰਦਰ ਕੁਮਾਰ ਹੈਪੀ, ਡਾ. ਅਭਿਸ਼ੇਕ ਸਿੰਗਲਾ, ਸਿਹਤ ਇੰਸਪੈਕਟਰ ਗੁਰਦੇਵ ਸਿੰਘ, ਸੰਜੀਤ ਸਿੰਘ ਤੇ ਕੁਲਦੀਪ ਸਿੰਘ ਆਦਿ ਨੇ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੀ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਇਸ ਦੌਰਾਨ ਵਿਭਾਗ ਵੱਲੋਂ ਤੰਬਾਕੂ ਵਰਗੇ ਭਿਆਨਕ ਨਸ਼ਿਆਂ ਤੋਂ ਖਹਿੜਾ ਛਡਾਉਣ ਦੇ ਚਾਹਵਾਨਾਂ ਲਈ ਟੌਲ ਫਰੀ ਨੰਬਰ 1800-11-2356 ਵੀ ਜਾਰੀ ਕੀਤਾ ਗਿਆ। ਸਮਾਗਮ ਉਪਰੰਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਤੰਬਾਕੂ ਵੇਚਣ ਵਾਲਿਆਂ ਦੇ ਜਾਂਚ ਉਪਰੰਤ ਚਲਾਨ ਕੱਟੇ ਗਏ।
ਜੀਐੱਚਜੀ ਅਕੈਡਮੀ ਦੇ ਵਿਦਿਆਰਥੀਆਂ ਨੇ ਦਿੱਤਾ ਤੰਬਾਕੂ ਵਿਰੋਧੀ ਸੁਨੇਹਾ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸੀਨੀਅਰ ਸੈਕੰਡਰੀ ਸਕੂਲ ਜੀਐੱਚਜੀ ਅਕੈਡਮੀ ਵਿੱਚ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਬਾਰ੍ਹਵੀਂ ਜਮਾਤ ਦੀ ਕਾਮਰਸ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਵਿਦਿਆਰਥੀਆਂ ਹਰ ਸਾਲ 31 ਮਈ ਨੂੰ ਤੰਬਾਕੂ ਦੇ ਵਿਰੁੱਧ ਦਿਨ ਮਨਾਏ ਜਾਣ ਦੇ ਮਕਸਦ ਬਾਰੇ ਦੱਸਦਿਆਂ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਨੂੰ ਇਸ ਦੇ ਸਿਹਤ ’ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ। ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਤੰਬਾਕੂ ਦੇ ਨੁਕਸਾਨ ਦੀ ਜਾਣਕਾਰੀ ਸਬੰਧੀ ਪੋਸਟਰ ਵੀ ਬਣਾਏ। ਅਕੈਡਮੀ ਦੀ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਕਿਹਾ ਕਿ ਸਾਨੂੰ ਇਸ ਕੀਮਤੀ ਜ਼ਿੰਦਗੀ ਨੂੰ ਨਸ਼ਿਆਂ ’ਚ ਬਰਬਾਦ ਨਹੀਂ ਕਰਨਾ ਚਾਹੀਦਾ।