ਚਰਨਜੀਤ ਸਿੰਘ ਢਿੱਲੋਂ
ਜਗਰਾਉਂ,15 ਦਸੰਬਰ
ਠੰਢ ਦੇ ਨਾਲ-ਨਾਲ ਧਰਨਿਆਂ ’ਚ ਲੋਕਾਂ ਦੀ ਗਿਣਤੀ ਵਧ ਰਹੀ ਹੈ। ਦਿਨ ਰਾਤ ਦੇ ਰੇਲਵੇ ਸਟੇਸ਼ਨ,ਚੌਂਕੀਮਾਨ ਟੌਲ ਧਰਨੇ ਨੇ 76ਵੇਂ ਦਿਨ ਦਾ ਸੂਰਜ ਵੀ ਚੜ੍ਹਾ ਦਿੱਤਾ ਹੈ ਪਰ ਦਿੱਲੀ ਖ਼ਿਲਾਫ਼ ਗੂੰਜ ਰਹੇ ਨਾਅਰਿਆਂ ਦੀ ਆਵਾਜ਼ ਮੱਠੀ ਨਹੀਂ ਪਈ। ਅੱਜ ਪਿੰਡ ਰਸੂਲਪੁਰ (ਮੱਲਾ) ਤੋਂ ਵੱਡੀ ਗਿਣਤੀ ’ਚ ਕਿਰਤੀ ਲੋਕਾਂ ਦਾ ਵੱਡਾ ਜਥਾ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਸਰਕਾਰਾਂ ਦੀਆਂ ਗੁੱਝੀਆਂ ਚਾਲਾਂ ਨੂੰ ਭਲੀ-ਭਾਂਤ ਸਮਝਣ ਵਾਲੇ ਕਿਸਾਨ ਮਜ਼ਦੂਰਾਂ ਨੇ ਜ਼ਾਬਤੇ ’ਚ ਰਹਿੰਦਿਆਂ ਸੰਘਰਸ਼ ਨੂੰ ਸਿਖਰ ਤੱਕ ਪਹੁੰਚਾ ਦਿੱਤਾ ਹੈ। ਰੇਲਵੇ ਸਟੇਸ਼ਨ ਧਰਨੇ ’ਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਕੰਵਲਜੀਤ ਖੰਨਾ ਨੇ ਦਿੱਲੀ ਮੋਰਚੇ ’ਚ ਕੜਕਦੀ ਠੰਢ ਅਤੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦਾ ਸਾਹਮਣਾ ਕਰ ਰਹੇ ਬਜ਼ੁਰਗ ਕਿਸਾਨ, ਮਜ਼ਦੂਰ, ਬੀਬੀਆਂ, ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਚੌਂਕੀਮਾਨ ਟੌਲ ਪਲਾਜ਼ਾ ’ਤੇ ਸਤਨਾਮ ਸਿੰਘ ਮੋਰਕਰੀਮਾਂ, ਗੁਰਮੁੱਖ ਸਿੰਘ, ਮੁਕੰਦ ਸਿੰਘ, ਗਗਨਦੀਪ ਸਿੰਘ, ਅਵਤਾਰ ਰਸੂਲਪੁਰ, ਤੀਰਥ ਸਿੰਘ ਆਦਿ ਨੇ ਮੋਦੀ ਦੇ ਅੜੀਅਲ ਵਤੀਰੇ ਅਤੇ ਕਾਰਪੋਰੇਟ ਘਰਾਣਿਆਂ ਵੱਲ ਝੁਕਾ ਦੀ ਨਿਖੇਧੀ ਕਰਦਿਆਂ ਅਸਲ ਦੇਸ਼ ਭਗਤ ਬਣਨ ਦੀ ਸਲਾਹ ਦਿੱਤੀ।
ਰੰਗਕਰਮੀਆਂ ਵੱਲੋਂ ਸੰਘਰਸ਼ ਵਿੱਚ ‘ਜੰਗ ਮੁੱਕੀ ਨਹੀਂ ਸ਼ੁਰੂ ਹੋਈ ਐ’ ਦਾ ਨਾਅਰਾ
ਸਮਰਾਲਾ (ਡੀਪੀਐੱਸ ਬਤਰਾ): ਦਿੱਲੀ ਦੇ ਵੱਖ ਵੱਖ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਨਵੀਂ ਰੂਹ ਫੂਕਣ ਲਈ ਦਿਨ ਪ੍ਰਤੀ ਦਿਨ ਪੰਜਾਬ ਤੋਂ ਵੱਖ ਵੱਖ ਤਰ੍ਹਾਂ ਦੇ ਸਲੋਗਨ ਲੈ ਕੇ ਜੁਝਾਰੂ ਸੋਚ ਰੱਖਣ ਵਾਲੇ ਲੋਕ ਪਹੁੰਚ ਰਹੇ ਹਨ। ਇਸੇ ਤਰ੍ਹਾਂ ਦਾ ਜੋਸ਼ ਭਰਨ ਲਈ ਸਮਰਾਲਾ ਤੋਂ ਅਕਸ ਰੰਗਮੰਚ ਦੀ ਟੀਮ ਅਤੇ ਸਮਾਜਸੇਵੀ ਸੰਸਥਾ ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਤਿੰਨ ਵਾਰ ਕੁੰਡਲੀ ਬਾਰਡਰ ਦਾ ਦੌਰਾ ਕਰ ਚੁੱਕੀ ਹੈ ਅਤੇ ਅਕਸ ਰੰਗਮੰਚ ਦੀ ਟੀਮ ਦੋ ਵਾਰ ਉੱਥੋਂ ਦੀ ਮੁੱਖ ਸਟੇਜ ਤੋਂ ਕੋਰਿਓਗ੍ਰਾਫੀ ‘ਅੰਨਦਾਤਾ’ ਨਾਲ ਉੱਥੇ ਸੰਘਰਸ਼ ਕਰ ਰਹੇ ਕਿਸਾਨਾਂ ਵਿੱਚ ਇੱਕ ਨਵੀਂ ਤਰ੍ਹਾਂ ਦੀ ਰੂਹ ਫੂਕਣ ਵਿੱਚ ਕਾਮਯਾਬ ਹੋ ਚੁੱਕੀ ਹੈ। ਬੀਤੇ ਦਿਨੀਂ ਇਹ ਟੀਮ ਤੀਜੀ ਵਾਰ ਫਿਰ ਕੁੰਡਲੀ ਬਾਰਡਰ ’ਤੇ ਪੁੱਜੀ। ਇਸ ਮੌਕੇ ਰਾਜਵਿੰਦਰ ਸਮਰਾਲਾ ਅਤੇ ਕਮਲਜੀਤ ਕੌਰ ਦਿਆਲਪੁਰਾ ਦੀ ਅਗਵਾਈ ਹੇਠ ਪੰਜ ਕਿਲੋਮੀਟਰ ਦੇ ਕਰੀਬ ਤੁਰ ਕੇ ਆਪਣੀ ਝਾਕੀ ਦੀ ਸ਼ੁਰੂਆਤ ਨਾਲ ਕੀਤੀ, ਜਿਸ ਵਿੱਚ ਕਿਸਾਨ ਨੂੰ ਦੇਸ਼ ਦੇ ਸਿਆਸੀ ਅਤੇ ਕਾਰਪੋਰੇਟ ਘਰਾਣਿਆਂ ਦੁਆਰਾ ਸੰਗਲਾਂ ਨਾਲ ਜਕੜਿਆ ਦਿਖਾਇਆ ਗਿਆ। ਸ਼ਾਮ ਨੂੰ ਕਿਸਾਨੀ ਘੋਲ ਦੀ ਮੁੱਖ ਸਟੇਜ ਤੋਂ ਦੂਜੀ ਵਾਰ ‘ਅੰਨਦਾਤਾ’ ਕੋਰਿਓਗ੍ਰਾਫੀ ਕਰਨ ਦਾ ਸੱਦਾ ਮਿਲਿਆ। ਇਸ ਕੋਰਿਓਗ੍ਰਾਫੀ ਦੇ ਅੰਤ ਵਿੱਚ ਕਲਾਕਾਰਾਂ ਵੱਲੋਂ ਦਿੱਤੇ ਨਾਅਰੇ ‘ਜੰਗ ਮੁੱਕੀ ਨਹੀਂ ਅਜੇ ਸ਼ੁਰੂ ਹੋਈ ਐ’ ਨਾਲ ਹਜਾਰਾਂ ਲੋਕਾਂ ਨੇ ਅਕਾਸ਼ ਗੂੰਜਣ ਲਾ ਦਿੱਤਾ। ਕੋਰਿਓਗ੍ਰਾਫੀ ਵਿੱਚ ਸਾਥ ਦੇਣ ਵਾਲੇ ਕਲਾਕਾਰ ਸਾਥੀ ਗਗਨਦੀਪ ਸ਼ਰਮਾ, ਤਰਨਬੀਰ ਸਿੰਘ, ਵਿਸ਼ਾਲ ਸਿੰਘ, ਊਦੇ ਵੀਰ ਸਿੰਘ, ਰਵੀ ਹੰਸ, ਅਜੈ ਕੁਮਾਰ, ਅਭੈਜੀਤ ਸਿੰਘ, ਪੁਨੀਤ ਸਿਹਾਲਾ, ਸਮਾਜਸੇਵੀ ਸੰਸਥਾ ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਵੱਲੋਂ ਇੰਦਰਜੀਤ ਸਿੰਘ ਕੰਗ, ਐਡਵੋਕੇਟ ਵਿਨੈ ਕਸ਼ੱਅਪ, ਸੁਖਵੀਰ ਸਿੰਘ ਕੰਗ ਆਦਿ ਸ਼ਾਮਲ ਸਨ।