ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਜਨਵਰੀ
ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਟਿਕਟ ਨਾ ਮਿਲਣ ਕਾਰਨ ਖੁੱਲ੍ਹੇਆਮ ਆਪਣੀ ਹੀ ਪਾਰਟੀ ਖਿਲਾਫ਼ ਚੋਣ ਬਿਗਲ ਵਜਾਉਂਦਿਆਂ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕਰਨ ਉਪਰੰਤ ਉਹ ਆਪਣੇ ਸਮਰਥਕਾਂ ਸਮੇਤ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਰਵਾਨਾ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਘਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਾਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆ ਕੇ ਆਜ਼ਾਦ ਚੋਣ ਨਾ ਲੜਨ ਲਈ ਦਬਾਅ ਪਾਉਣ ਤਾਂ ਵੀ ਉਹ ਨਹੀਂ ਮੰਨਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਤੋਂ ਬਾਗੀ ਹੋ ਕੇ ਆਜ਼ਾਦ ਚੋਣ ਲੜਨ ਦਾ ਫੈਸਲਾ ਅਟੱਲ ਹੈ। ਵਿਧਾਇਕ ਢਿੱਲੋਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਹੋਰ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਵਿਚ ਸ਼ਾਮਲ ਨਹੀਂ ਹੋਣਗੇ ਬਲਕਿ ਇਨ੍ਹਾਂ ’ਚੋਂ ਕੋਈ ਵੀ ਪਾਰਟੀ ਉਨ੍ਹਾਂ ਦਾ ਸਮਰਥਨ ਕਰਨਾ ਚਾਹੁੰਦੀ ਹੈ ਤਾਂ ਉਹ ਇਸ ਦਾ ਸਵਾਗਤ ਕਰਨਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ, ਸ਼ਹਿਰਾਂ ਦੇ ਕੌਂਸਲਰ, ਸਰਪੰਚ, ਪੰਚ, ਜ਼ਿਲਾ ਪਰੀਸ਼ਦ ਮੈਂਬਰ, ਬਲਾਕ ਸਮਿਤੀ ਮੈਂਬਰਾਂ ਤੋਂ ਇਲਾਵਾ ਵਰਕਰ ਵੀ ਇਕੱਠੇ ਹੋਏ ਜਿਨ੍ਹਾਂ ਨੇ ਵਿਧਾਇਕ ਢਿੱਲੋਂ ਦਾ ਡਟ ਕੇ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ੍ਰੀ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਟਿਕਟ ਨਾ ਦੇ ਕੇ ਉਨ੍ਹਾਂ ਦੇ ਪਰਿਵਾਰ ਤੇ ਹਲਕੇ ਦੇ ਵਰਕਰਾਂ ਨਾਲ ਵੱਡਾ ਧੋਖਾ ਕੀਤਾ ਹੈ ਜਿਸ ਕਾਰਨ ਅੱਜ ਇਹ ਭਾਰੀ ਇਕੱਠ ਉਨ੍ਹਾਂ ਦੇ ਸਮਰਥਨ ਵਿਚ ਆਇਆ ਹੈ। ਉਨ੍ਹਾਂ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਉੱਪਰ ਸਿਆਸੀ ਦਬਾਅ ਪਾਇਆ ਜਾ ਸਕਦਾ ਹੈ,ਇਸ ਲਈ ਸੁਚੇਤ ਰਹਿਣ।
ਢਿੱਲੋਂ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਨਮਜ਼ਦਗੀ ਪੇਪਰ ਦਾਖ਼ਲ
ਸਮਰਾਲਾ ( ਡੀਪੀਐੱਸ ਬੱਤਰਾ): ਵਿਧਾਨ ਸਭਾ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਵੱਲੋਂ ਇਥੋਂ ਚਾਰ ਵਾਰ ਵਿਧਾਇਕ ਚੁਣੇ ਗਏ ਅਮਰੀਕ ਸਿੰਘ ਢਿੱਲੋਂ ਦੀ ਇਸ ਵਾਰ ਟਿਕਟ ਕੱਟੇ ਜਾਣ ’ਤੇ ਉਨ੍ਹਾਂ ਕਾਂਗਰਸ ਖਿਲਾਫ਼ ਬਗਾਵਤ ਦਾ ਝੰਡਾ ਬੁਲੰਦ ਕਰਦੇ ਹੋਏ ਅੱਜ ਆਜ਼ਾਦ ਤੌਰ ’ਤੇ ਚੋਣ ਲੜਨ ਲਈ ਆਪਣੇ ਨਾਮਜ਼ਦਗੀ ਪੇਪਰ ਰਿਟਰਨਿੰਗ ਅਧਿਕਾਰੀ ਕੋਲ ਦਾਖ਼ਲ ਕੀਤੇ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ’ਤੇ ਉਨ੍ਹਾਂ ਦੀ ਪਿੱਠ ਵਿੱਚ ਛੁਰਾ ਮਾਰੇ ਜਾਣ ਦੀ ਗੱਲ ਆਖਦਿਆਂ ਕਿਹਾ ਕਿ, ਉਹ ਹੁਣ ਕਿਸੇ ਕੀਮਤ ’ਤੇ ਮੈਦਾਨ ਵਿੱਚੋਂ ਨਹੀਂ ਹਟਣਗੇ। ਨਾਮਜ਼ਦਗੀ ਪੇਪਰ ਦਾਖਲ ਕਰਨ ਉਪਰੰਤ ਉਨ੍ਹਾਂ ਦਾਅਵਾ ਕੀਤਾ ਕਿ, ਇਸ ਹਲਕੇ ਦੇ ਕਾਂਗਰਸ ਦੇ ਜ਼ਿਆਦਾਤਰ ਆਗੂ ਅਤੇ ਵਰਕਰ ਉਨ੍ਹਾਂ ਦਾ ਹੀ ਸਾਥ ਦੇਣਗੇ।