ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 3 ਜਨਵਰੀ
ਵਿਧਾਨ ਸਭਾ ਹਲਕਾ ਜਗਰਾਉਂ ਅਤੇ ਦਾਖਾ ਦੇ ਕਿਰਤੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਕਾਨੂੰਨ ਬਣਾਉਣ ਅਤੇ ਪਾਸ ਕਰਨ ਤੋਂ ਲੈ ਕੇ ਲਗਾਤਾਰ ਜਾਰੀ ਵਿਰੋਧ ਨੇ 96ਵੇਂ ਦਿਨ ਪੂਰੇ ਕਰ ਲਏ ਹਨ। ਦੋ ਦਿਨ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਅਤੇ ਹੱਡ-ਚੀਰਵੀਂ ਠੰਢ ਦੇ ਬਾਵਜੂਦ ਕਿਰਤੀ ਪਰਿਵਾਰਾਂ ਦੀ ਧਰਨਿਆਂ ’ਚ ਗਿਣਤੀ ਲਗਾਤਾਰ ਵਧ ਰਹੀ ਹੈ। ਆਗੂਆਂ ਨੇ ਸੰਯੁਕਤ ਮੋਰਚੇ ਦੇ ਸੱਦੇ ’ਤੇ 7 ਤੋਂ 12 ਜਨਵਰੀ ਤੱਕ ਪਿੰਡ-ਪਿੰਡ ਲਾਮਬੰਦੀ ਕਰ ਕੇ 13 ਨੂੰ ਕਾਲੇ ਕਾਨੂੰਨਾਂ ਦੀਆਂ ਲੋਹੜੀਆਂ ਫੂਕਣ ਦਾ ਸੱਦਾ ਦਿੱਤਾ। ਰੇਲਵੇ ਸਟੇਸ਼ਨ ’ਤੇ ਜਾਰੀ ਧਰਨੇ ਦੌਰਾਨ ਅੱਜ ਪਿੰਡ ਕਮਾਲਪੁਰਾ ਦੇ ਛੇ ਕਿਸਾਨ ਜਗਦੀਪ ਸਿੰਘ, ਹਰਜਿੰਦਰ ਸਿੰਘ, ਜਗਤਾਰ ਸਿੰਘ, ਹਰਕੇਵਲ ਸਿੰਘ, ਮਲਕੀਤ ਸਿੰਘ, ਨਛੱਤਰ ਸਿੰਘ ਖਾਲਸਾ ਭੁੱਖ ਹੜਤਾਲ ’ਤੇ ਬੈਠੇ। ਧਰਨੇ ’ਚ ਪਰਵਾਜ਼ ਥੀਏਟਰ ਅੰਮ੍ਰਿਤਸਰ ਸਾਹਿਬ ਦੇ ਮੋਢੀ ਰੰਗਕਰਮੀ ਡਾ. ਜਸਮੀਤ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਦੀ ਪੈਰਵੀ ਕਰਦਾ ਇੱਕ ਪਾਤਰੀ ਨਾਟਕ ‘ਬਦਲ ਦਿਓ’ ਖੇਡ ਕੇ ਸਭ ਦੇ ਮਨ ਜਿੱਤੇ। ਇਸੇ ਤਰ੍ਹਾਂ ਚੌਂਕੀਮਾਨ ਟੌਲ ਪਲਾਜ਼ੇ ’ਤੇ ਅਵਤਾਰ ਰਸੂਲਪੁਰ, ਬਿੱਟੂ ਸਵੱਦੀ, ਗੁਰਮੇਲ ਭਰੋਵਾਲ, ਮਾਸਟਰ ਪਰਮਜੀਤ ਸਿੰਘ ਸਿੱਧਵਾਂ, ਜੋਗਿੰਦਰ ਆਜ਼ਾਦ ਨੇ ਕਿਰਤੀਆਂ ਨੂੰ ਤੱਕੜੇ ਹੋਣ ਦਾ ਸੱਦਾ ਦਿੰਦਿਆਂ 6 ਜਨਵਰੀ ਨੂੰ ਦਿੱਲੀ ਮੋਰਚੇ ਦੌਰਾਨ ਟਰੈਕਟਰ ਮਾਰਚ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਜੋਧਾਂ ਇਲਾਕੇ ਦੀਆਂ ਬੀਬੀਆਂ ਦਾ ਜਥਾ ਦਿੱਲੀ ਦੀ ਜੂਹ ’ਤੇ ਚੱਲ ਰਹੇ ਕਿਸਾਨੀ ਘੋਲ਼ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਇਸ ਜਥੇ ਨੂੰ ਸਾਬਕਾ ਵਿਧਾਇਕ ਕਾ. ਤਰਸੇਮ ਜੋਧਾਂ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ। ਉੱਧਰ ਪਿੰਡ ਐਤੀਆਣਾ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਅਗਲਾ ਜਥਾ ਦਿੱਲੀ ਦੇ ਕਿਸਾਨ ਘੋਲ਼ ਲਈ ਰਵਾਨਾ ਹੋਇਆ।
ਲੁਧਿਆਣਾ (ਗੁਰਿੰਦਰ ਸਿੰਘ): ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਵੱਲੋਂ ਕਿਸਾਨੀ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਮਾਡਲ ਟਾਊਨ ਮਾਰਕੀਟ ਵਿੱਚ ਹੋਏ ਸਮਾਗਮ ਦੌਰਾਨ ਸਮੂਹ ਦੁਕਾਨਦਾਰਾਂ ਨੇ ਸ਼ਮੂਲੀਅਤ ਕੀਤੀ। ਐਡਵੋਕੇਟ ਅਮਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਦੇ ਅੜੀਅਲ ਰਵੱਈਏ ਕਾਰਨ ਅੰਨਦਾਤਾ ਨੂੰ ਇਨਸਾਫ਼ ਲਈ ਸਰਦ ਰਾਤਾਂ ਸੜਕਾਂ ’ਤੇ ਗੁਜ਼ਾਰਨੀਆਂ ਪੈ ਰਹੀਆਂ ਹਨ।
ਖੋਏ ਦੀਆਂ ਪਿੰਨੀਆਂ, ਕੰਬਲ ਤੇ ਰਜਾਈਆਂ ਲੈ ਕੇ ਕਾਫ਼ਲਾ ਰਵਾਨਾ
ਪਾਇਲ (ਦੇਵਿੰਦਰ ਸਿੰਘ ਜੱਗੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਗਾਜੀਪੁਰ ਬਾਰਡਰ ’ਤੇ ਬੈਠੇ ਧਰਨਾਕਾਰੀਆਂ ਵਿੱਚ ਪਿੰਡ ਰੌਣੀ ਦੇ ਕਿਸਾਨ ਵੀ ਬੈਠੇ ਹਨ। ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਰੌਣੀ ਤੋਂ ਇੱਕ ਵੱਡਾ ਕਾਫ਼ਲਾ ਬੀਬੀਆਂ, ਬਜ਼ੁਰਗਾਂ ਤੇ ਨੌਜਵਾਨਾਂ ਸਮੇਤ ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਅਤੇ ਜਿੱਤ ਲਈ ਅਰਦਾਸ ਕਰਨ ਉਪਰੰਤ ਸੰਘਰਸ਼ ਵਿੱਚ ਸ਼ਾਮਲ ਸੰਗਤ ਲਈ ਅੱਠ ਕੁਇੰਟਲ ਖੋਏ ਦੀਆਂ ਪਿੰਨੀਆਂ, 217 ਗਰਮ ਕੰਬਲ ਅਤੇ 50 ਰਜਾਈਆਂ ਲੈ ਕੇ ਦਿੱਲੀ ਦੇ ਗਾਜ਼ੀਪੁਰ ਬਾਰਡਰ ਲਈ ਰਵਾਨਾ ਹੋਇਆ। ਇਸ ਮੌੇਕੇ ਜਥੇਦਾਰ ਭਰਪੂਰ ਸਿੰਘ ਰੌਣੀ, ਗਿਆਨੀ ਗੁਰਮੁੱਖ ਸਿੰਘ, ਜਥੇਦਾਰ ਬਲਵੰਤ ਸਿੰਘ ਹੈੱਡ ਗ੍ਰੰਥੀ ਜਗਵਿੰਦਰ ਸਿੰਘ, ਸਰਪੰਚ ਰਣਜੀਤ ਕੌਰ, ਪੰਚ ਸਰਬਜੀਤ ਸਿੰਘ ਲੱਕੀ, ਮਾਸਟਰ ਕੁਲਦੀਪ ਸਿੰਘ, ਨਿੱਕਾ, ਕਾਲਾ, ਮਨਜੋਤ ਸਿੰਘ ਆਦਿ ਤੋਂ ਇਲਾਵਾ ਸਮੂਹ ਪਿੰਡ ਵਾਸੀਆਂ ਨੇ ਹਰ ਪੱਖੋਂ ਸਹਿਯੋਗ ਦਿੱਤਾ।
ਡੀਟੀਐੱਫ ਵੱਲੋਂ ਹਮਾਇਤ
ਲੁਧਿਆਣਾ (ਖੇਤਰੀ ਪ੍ਰਤੀਨਿਧ): ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ’ਚ ਗ਼ਦਰੀ ਬਾਬਾ ਭਾਨ ਸਿੰਘ ਮੈਮੋਰੀਅਲ ਹਾਲ ਲੁਧਿਆਣਾ ਵਿੱਚ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਜੱਥੇਬੰਦੀ ਦੀ ਸਾਲਾਨਾ ਜਨਰਲ ਕੌਂਸਲ 9 ਅਤੇ 10 ਜਨਵਰੀ ਨੂੰ ਮਾਨਸਾ ਸ਼ਹਿਰ ਵਿੱਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕੌਂਸਲ ‘ਕਿਸਾਨੀ ਸੰਘਰਸ਼ ਅਤੇ ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀ ਬਾਈ ਫੁਲੇ’ ਨੂੰ ਸਮਰਪਿਤ ਹੋਵੇਗੀ। ਇਸ ਦੌਰਾਨ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ, ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਦੀ ਗਾਰੰਟੀ ਨੂੰ ਕਾਨੂੰਨੀ ਹੱਕ ਐਲਾਨ ਸਣੇ ਹੋਰਨਾਂ ਕਿਸਾਨੀ ਮੰਗਾਂ ਲਈ ਡਟੇ ਕਿਸਾਨਾਂ ਦੀ ਹਮਾਇਤ ’ਚ ਮਾਨਸਾ ਸ਼ਹਿਰ ਵਿੱਚ ਵਿਸ਼ਾਲ ਮਾਰਚ ਕੀਤਾ ਜਾਵੇਗਾ।