ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਮਈ
ਥਾਣਾ ਡਿਵੀਜ਼ਨ ਨੰਬਰ ਛੇ ਦੇ ਇਲਾਕੇ ਵਿੱਚ 10-12 ਨਾਮਲੂਮ ਵਿਅਕਤੀ ਪੁਲੀਸ ਪਾਰਟੀ ’ਤੇ ਹਮਲਾ ਕਰ ਕੇ ਪੁਲੀਸ ਮੁਲਾਜ਼ਮਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਦੀ ਪ੍ਰਾਈਵੇਟ ਐਨਡੈਵਰ ਗੱਡੀ ਖੋਹ ਕੇ ਲੈ ਗਏ।
ਸਿਪਾਹੀ ਬਲਦੇਵ ਸਿੰਘ ਵਾਸੀ ਢੋਲੇਵਾਲ ਨੇ ਦੱਸਿਆ ਕਿ ਉਹ ਸੀਨੀਅਰ ਸਿਪਾਹੀ ਪਰਮਜੀਤ ਸਿੰਘ ਨਾਲ ਪ੍ਰਾਈਵੇਟ ਐਨਡੈਵਰ ਗੱਡੀ (ਪੀਬੀ 11 ਬੀਸੀ 4848) ’ਤੇ ਚੇਤ ਸਿੰਘ ਨਗਰ ਜਾ ਰਹੇ ਸਨ। ਇਸੇ ਦੌਰਾਨ ਸ਼ਰਾਬ ਦੇ ਠੇਕੇ ਕੋਲ ਸੁਰਪ੍ਰੀਤ ਸਿੰਘ ਵਾਸੀ ਗੁਰਪਾਲ ਨਗਰ 10-12 ਜਣਿਆਂ ਨਾਲ ਸੜਕ ’ਤੇ ਖੜ੍ਹਾ ਹੋਇਆ ਸੀ। ਜਦੋਂ ਸਿਪਾਹੀ ਪਰਮਜੀਤ ਸਿੰਘ ਨੇ ਗੱਡੀ ਰੋਕ ਕੇ ਸੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਦੇ ਸਾਥੀਆਂ ਨੇ ਗੱਡੀ ਨੂੰ ਘੇਰਾ ਪਾ ਲਿਆ ਅਤੇ ਉਸ ਨਾਲ ਕੁੱਟਮਾਰ ਕਰਨ ਲੱਗ ਪਏ। ਉਨ੍ਹਾਂ ਉਸ ਦੀ ਖਿੱਚ ਧੂਹ ਕਰਦਿਆਂ ਉਸ ਦੀ ਵਰਦੀ ਪਾੜ ਦਿੱਤੀ। ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਉਹ ਐਨਡੈਵਰ ਗੱਡੀ ਖੋਹ ਕੇ ਧਮਕੀਆਂ ਦਿੰਦਿਆਂ ਫ਼ਰਾਰ ਹੋ ਗਏ। ਥਾਣੇਦਾਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਸੁਰਪ੍ਰੀਤ ਸਿੰਘ ਤੋਂ ਇਲਾਵਾ ਉਸਦੇ ਨਾਮਾਲੂਮ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।