ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਸਤੰਬਰ
ਲੁਧਿਆਣਾ ਤੋਂ ਹੁਣ ਪ੍ਰਦੂਸ਼ਣ ਦਾ ਦਾਗ ਧੋਣ ਦੇ ਲਈ ਹੁਣ ਇਲੈਕਟ੍ਰਾਨਿਕ ਵਾਹਨਾਂ ਨੂੰ ਵਧਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਨਾਲ ਸਨਅਤੀ ਸ਼ਹਿਰ ਵਿੱਚ ਲਗਾਤਾਰ ਵਧਦੀ ਜਾ ਰਹੀ ਇਲੈਕਟ੍ਰਾਨਿਕ ਵਾਹਨਾਂ ਦੀ ਗਿਣਤੀ ਨੂੰ ਦੇਖਦੇ ਹੋਏ ਹੁਣ ਸ਼ਹਿਰ ਵਿੱਚ ਚਾਰਜਿੰਗ ਸਟੇਸ਼ਨ ਵੀ ਬਣਾਏ ਜਾ ਰਹੇ ਹਨ। ਲੁਧਿਆਣਾ ਵਿੱਚ ਹੁਣ ਸ਼ਹਿਰ ’ਚ 40 ਥਾਵਾਂ ’ਤੇ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਲਗਾਏ ਜਾ ਰਹੇ ਹਨ। ਪੈਟਰੋਲ ਪੰਪ ਦੀ ਤਰ੍ਹਾਂ ਇਨ੍ਹਾਂ ਚਾਰਜਿੰਗ ਪੁਆਇੰਟਾਂ ’ਤੇ ਲੋਕ ਆਸਾਨੀ ਨਾਲ ਆਪਣੀਆਂ ਕਾਰਾਂ, ਈ-ਰਿਕਸ਼ਾ ਤੇ ਦੋ ਪਹੀਆ ਵਾਹਨਾਂ ਨੂੰ ਚਾਰਜ ਕਰ ਸਕਣਗੇ। ਇਸਦੇ ਲਈ ਸਰਕਾਰ ਨੇ ਲੁਧਿਆਣਾ ਤੇ ਆਸ-ਪਾਸ ਦੇ ਖੇਤਰਾਂ ’ਚ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦੇ ਲਈ ਐਨਰਜੀ ਐਫੀਸ਼ੈਂਸੀ ਸਰਵਿਸਿਜ਼ ਲਿਮਟਿਡ ਕੰਪਨੀ ਦੇ ਨਾਲ ਸਮਝੌਤਾ ਕਰ ਲਿਆ ਹੈ। ਚਾਰਜਿੰਗ ਸਟੇਸ਼ਨ ਦੇ ਲਈ ਸਤੰਬਰ ਦੇ ਅੰਤ ਤੱਕ ਜਗ੍ਹਾ ਫਾਈਨਲ ਕਰ ਦਿੱਤੀ ਜਾਵੇਗੀ ਅਤੇ ਫਿਰ ਮਸ਼ੀਨਰੀ ਇੰਸਟਾਲ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਅਗਲੇ ਹਫ਼ਤੇ ਤੋਂ ਕੰਪਨੀ ਇਸਦਾ ਸਰਵੇਖਣ ਸ਼ੁਰੂ ਕਰੇਗੀ। 40 ਚਾਰਜਿੰਗ ਸਟੇਸ਼ਨਾਂ ’ਚ 10 ਨਗਰ ਨਿਗਮ, 10 ਨਗਰ ਸੁਧਾਰ ਟਰੱਸਟ ਤੇ 20 ਦੇ ਲਈ ਗਲਾਡਾ ਜ਼ਮੀਨ ਦੇਵੇਗੀ।
ਨਗਰ ਨਿਗਮ ਵਿੱਚ ਈ-ਚਾਰਜਿੰਗ ਸਟੇਸ਼ਨਾਂ ਦਾ ਕੰਮ ਦੇਖ ਰਹੇ ਵਧੀਕ ਕਮਿਸ਼ਨਰ ਆਦਿੱਤ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਨੇ ਕਈ ਵਾਰ ਕੰਪਨੀਆਂ ਨਾਲ ਮੀਟਿੰਗ ਕਰ ਲਈ ਹੈ ਤੇ ਇਸ ਦੇ ਲਈ ਕੰਮ ਵੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਸ਼ਹਿਰ ’ਚ ਕਾਫ਼ੀ ਗਿਣਤੀ ’ਚ ਦੋ ਪਹੀਆ ਤੇ ਤਿੰਨ ਪਹੀਆ ਇਲੈਕਟ੍ਰਿਕ ਵਾਹਨ ਹਨ। ਜੋ ਕਿ ਹੁਣ ਆਪਣੇ ਘਰਾਂ ਵਿੱਚ ਇਨ੍ਹਾਂ ਨੂੰ ਚਾਰਜਿੰਗ ਕਰਦੇ ਹਨ, ਜੇਕਰ ਕਿਸੇ ਦਾ ਵਾਹਨ ਕਿਸੇ ਕਾਰਨ ਰਸਤੇ ਵਿੱਚ ਬੈਟਰੀ ਮੁੱਕ ਜਾਵੇ ਤਾਂ ਉਸਨੂੰ ਪੈਦਲ ਹੀ ਘਰ ਜਾਣਾ ਪੈਂਦਾ ਹੈ, ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਹੁਣ ਚਾਰਜਿੰਗ ਪੁਆਇੰਟ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸ਼ਹਿਰ ’ਚ ਮੌਜੂਦਾ ਸਮੇਂ ’ਚ ਕਰੀਬ 8 ਹਜ਼ਾਰ ਇਲੈਕਟ੍ਰਿਕ ਦੋ ਪਹੀਆ ਵਾਹਨ ਹਨ। ਇਸ ਤੋਂ ਇਲਾਵਾ ਸ਼ਹਿਰ ’ਚ ਕਰੀਬ 5 ਹਜ਼ਾਰ ਇਲੈਕਟ੍ਰਿਕ ਆਟੋ ਚੱਲ ਰਹੇ ਹਨ। ਇਸ ਨਾਲੋਂ ਕਿਤੇ ਜ਼ਿਆਦਾ ਆਟੋ ਡੀਜ਼ਲ ਵਾਲੇ ਸ਼ਹਿਰ ’ਚ ਚੱਲ ਰਹੇ ਹਨ। ਨਗਰ ਨਿਗਮ ਸ਼ਹਿਰ ’ਚ ਚਾਰਜਿੰਗ ਸਟੇਸ਼ਨ ਲਗਵਾ ਕੇ ਡੀਜ਼ਲ ਆਟੋ ਨੂੰ ਵੀ ਇਲੈਕਟ੍ਰਿਕ ਆਟੋ ’ਚ ਤਬਦੀਲ ਕਰਨਾ ਚਾਹੁੰਦਾ ਹੈ। ਇਸ ਨਾਲ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ ’ਚ ਸਹਿਯੋਗ ਮਿਲੇਗਾ।
ਨਗਰ ਨਿਗਮ ਸੂਤਰਾਂ ਦੀ ਮੰਨੀਏ ਤਾਂ ਨਗਰ ਨਿਗਮ ਮਲਟੀ ਸਟੋਰੀ ਪਾਰਕਿੰਗ, ਰੋਜ਼ ਗਾਰਡਨ ਪਾਰਕਿੰਗ, ਹੰਬੜਾ ਰੋਡ ਸਥਿਤ ਸਬ ਰਜਿਸਟਰਾਰ ਦਫ਼ਤਰ, ਸਰਾਭਾ ਨਗਰ ਮਾਰਕੀਟ, ਨਗਰ ਨਿਗਮ ਜ਼ੋਨ-ਸੀ ਦੀ ਪਾਰਕਿੰਗ, ਲੋਕਲ ਬੱਸ ਅੱਡਾ ਅਤੇ ਸਬਜ਼ੀ ਮੰਡੀ ਨੂੰ ਚਾਰਜਿੰਗ ਪੁਆਇੰਟ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।
ਇਸਦੇ ਨਾਲ ਯੋਜਨਾ ਮੁਤਾਬਕ ਕੰਪਨੀ ਵੱਲੋਂ ਦੋ ਤਰ੍ਹਾਂ ਦੇ ਚਾਰਜਿੰਗ ਸਿਸਟਮ ਲਗਾਏ ਜਾਣਗੇ, ਇੱਕ ਫਾਸਟ ਚਾਰਜਿੰਗ ਸਿਸਟਮ ਹੋਵੇਗਾ ਤੇ ਇੱਕ ਲੋਅ। ਖ਼ਰਚੇ ਦੀ ਗੱਲ ਕਰੀਏ ਤਾਂ ਯੋਜਨਾ ਮੁਤਾਬਕ ਇਲੈਕਟ੍ਰਿਕ ਆਟੋ 8 ਘੰਟੇ ਤੱਕ ਚਾਰਜ ਹੋਣ ਤੋਂ ਬਾਅਦ 110 ਕਿੱਲੋਮੀਟਰ ਚਲੇਗਾ, ਇਸੇ ਤਰ੍ਹਾਂ ਦੋ ਪਹੀਆ ਵਾਹਨ ਤਿੰਨ ਘੰਟੇ ਚਾਰਜ ਹੋਣ ਤੋਂ ਬਾਅਦ 80 ਤੋਂ 90 ਕਿੱਲੋਮੀਟਰ ਤੱਕ ਚੱਲਣਗੇ। ਅਗਰ ਹਾਈ ਸਪੀਡ ਚਾਰਜਿੰਗ ਸਿਸਟਮ ਦੀ ਗੱਲ ਕਰੀਏ ਤਾਂ ਆਟੋ ਤੇ ਦੋ ਪਹੀਆ ਵਾਹਨ ਚਾਰਜ ਕਰਨ ’ਚ 15 ਤੋਂ 20 ਮਿੰਟ ਲੱਗਣਗੇ ਪਰ ਉਸਦੇ ਪੈਸੇ ਜ਼ਿਆਦਾ ਲੱਗਣਗੇ।