ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 13 ਫਰਵਰੀ
ਭਾਜਪਾ ਨੇ ਬੀਤੀ ਸ਼ਾਮ ਆਮ ਆਦਮੀ ਪਾਰਟੀ ਨਾਲ ਸਬੰਧਤ ਅਤੇ ਵਾਰਡ ਨੰਬਰ 9 ਤੋਂ ਕੌਂਸਲਰ ਦੀ ਚੋਣ ਲੜ ਚੁੱਕੇ ਲਖਵੀਰ ਸਿੰਘ ਲੱਖਾ ਨੂੰ ਸ਼ਾਮਲ ਕੀਤਾ ਸੀ ਪਰ ਸਵੇਰ ਹੁੰਦੇ ਸਾਰ ਲੱਖਾ ਨੇ ‘ਆਪ’ ਦੇ ਦਫ਼ਤਰ ’ਚ ਪਹੁੰਚ ਕੇ ਵਿਧਾਇਕ ਤੇ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ ਦੀ ਮੌਜੂਦਗੀ ’ਚ ਦੁਬਾਰਾ ‘ਝਾੜੂ’ ਫੜ ਲਿਆ। ਇਸ ’ਤੇ ਲੋਕਾਂ ’ਚ ਚਰਚਾ ਸੀ ਇਹ ਤਾਂ ਰਾਤ ਕੱਟਣ ਹੀ ਭਾਜਪਾ ’ਚ ਗਿਆ ਸੀ।
ਵਿਧਾਇਕ ਮਾਣੂੰਕੇ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ‘ਆਪ’ ਆਗੂਆਂ ਨੂੰ ਡਰਾ ਕੇ ਅਤੇ ਲਾਲਚ ਦੇ ਕੇ ਜਬਰਨ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਸਖ਼ਤ ਲਹਿਜ਼ੇ ’ਚ ਕਿਹਾ ਕਿ ਭਾਜਪਾ ਸਮੇਤ ਹਾਕਮ ਧਿਰ ਕਾਂਗਰਸ ਅਜਿਹਾ ‘ਧੱਕਾ’ ਬੰਦ ਕਰੇ ਨਹੀਂ ਤਾਂ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ‘ਘਰ ਵਾਪਸੀ’ ਕਰਨ ਵਾਲੇ ਲੱਖਾ ਨੇ ਕਿਹਾ ਕਿ ਉਨ੍ਹਾਂ ਨੂੰ ਗੁਮਰਾਹ ਕਰ ਕੇ ਭਾਜਪਾ ਆਗੂਆਂ ਨੇ ਸ਼ਾਮਲ ਕਰਨ ਦੀਆਂ ਖ਼ਬਰਾਂ ਫੈਲਾਈਆਂ ਪਰ ਉਹ ਹਮੇਸ਼ਾਂ ‘ਆਪ’ ਨਾਲ ਹੀ ਖੜ੍ਹੇ ਰਹਿਣਗੇ।
ਇਸ ਸਮੇਂ ਇਕੱਠ ਨੂੰ ਯੂਥ ਵਿੰਗ ਦੇ ਸੰਯੁਕਤ ਸਕੱਤਰ ਗੋਪੀ ਸ਼ਰਮਾ ਤੇ ਪ੍ਰੋ. ਸੁਖਵਿੰਦਰ ਸੁੱਖੀ ਨੇ ਵੀ ਸੰਬੋਧਨ ਕੀਤਾ ਅਤੇ ਵਾਲੰਟੀਅਰਾਂ ਨੇ ਕੇਜਰੀਵਾਲ, ਭਗਵੰਤ ਮਾਨ ਤੇ ‘ਆਪ’ ਦੇ ਨਾਂ ’ਤੇ ਨਾਅਰੇ ਬੁਲੰਦ ਕੀਤੇ। ਕਾਂਗਰਸ ਤੋਂ ਬਾਅਦ ਅਕਾਲੀ ਉਮੀਦਵਾਰ ਨੂੰ ਵੀ ਦਿੱਤੀ ਹਮਾਇਤ ਸਥਾਨਕ ਪੱਲੇਦਾਰ ਯੂਨੀਅਨ ਨੇ ਪਿਛਲੇ ਦਿਨੀਂ ਸ਼ੇਰਪੁਰਾ ਰੋਡ ਸਥਿਤ ਦਫ਼ਤਰ ’ਚ ਸੱਦ ਕੇ ਕਾਂਗਰਸ ਉਮੀਦਵਾਰ ਜਗਤਾਰ ਸਿੰਘ ਹਿੱਸੋਵਾਲ ਦਾ ਸਵਾਗਤ ਕਰਨ ਮਗਰੋਂ ਡਟਵੀਂ ਹਮਾਇਤ ਦੇਣ ਦਾ ਐਲਾਨ ਕੀਤਾ ਸੀ। ਯੂਨੀਅਨ ਮੈਂਬਰਾਂ ਨੇ ਅੱਜ ਅਕਾਲੀ-ਬਸਪਾ ਉਮੀਦਵਾਰ ਐੱਸਆਰ ਕਲੇਰ ਨੂੰ ਵੀ ਹਮਾਇਤ ਦੇ ਦਿੱਤੀ। ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਬਿੱਲਾ, ਜੋ ਕਿ ਕਾਂਗਰਸ ਦੇ ਜੱਗਾ ਹਿੱਸੋਵਾਲ ਨੂੰ ਹਮਾਇਤ ਦੇਣ ਮੌਕੇ ਮੋਹਰੀ ਸਨ, ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਯੂਨੀਅਨ ਦੇ ਕਈ ਮੈਂਬਰ ਕਾਂਗਰਸ ਪੱਖੀ ਹਨ ਅਤੇ ਕਈ ਅਕਾਲੀ ਪੱਖੀ। ਕਾਂਗਰਸ ਨੂੰ ਹਮਾਇਤ ਦੇਣ ਤੋਂ ਬਾਅਦ ਅਕਾਲੀ ਪੱਖੀ ਦੂਜੇ ਪਾਸੇ ਹਮਾਇਤ ਦੇਣੀ ਚਾਹੁੰਦੇ ਸਨ ਜਿਸ ਦੇ ਮੱਦੇਨਜ਼ਰ ਅਜਿਹਾ ਕੀਤਾ ਗਿਆ ਹੈ। ਉਂਝ ਯੂਨੀਅਨ ਕੋਲ ਜੋ ਵੀ ਸਿਆਸੀ ਧਿਰ ਜਾਂ ਉਮੀਦਵਾਰ ਆਉਂਦਾ ਹੈ ਉਸ ਨੂੰ ਨਾਰਾਜ਼ ਨਹੀਂ ਕੀਤਾ ਜਾ ਸਕਦਾ ਭਾਵ ‘ਜੋ ਆਵੇ ਸੋ ਰਾਜ਼ੀ ਜਾਵੇ।’