ਸਤਵਿੰਦਰ ਬਸਰਾ
ਲੁਧਿਆਣਾ, 2 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦੁਪਹਿਰ ਬਾਅਦ ਐਲਾਨੇ ਅੱਠਵੀਂ ਜਮਾਤ ਦੇ ਨਤੀਜੇ ਵਿੱਚੋਂ ਲੁਧਿਆਣਾ ਦੇ ਵਿਦਿਆਰਥੀ ਵੀ ਚੰਗੇ ਅੰਕਾਂ ਨਾਲ ਪਾਸ ਹੋਏ। ਮੈਰਿਟ ਸੂਚੀ ਅਨੁਸਾਰ ਆਰ ਐੱਸ ਮਾਡਲ, ਸਨਮਤੀ ਵਿਸ਼ਾਲ ਜੈਨ ਅਤੇ ਐੱਸਜੀਡੀ ਗਰਾਮਰ ਸਕੂਲ ਦੀ ਚੜ੍ਹਤ ਰਹੀ।
ਆਰ ਐੱਸ ਮਾਡਲ ਦੀ ਸ਼ਿਵਾਨੀ ਅਤੇ ਸਨਮਤੀ ਵਿਮਲ ਜੈਨ ਸਕੂਲ ਦੀ ਜਸਮੀਤ ਖੁਰਾਣਾ ਨੇ 600 ਵਿੱਚੋਂ 593 ਅੰਕਾਂ ਨਾਲ 98.83 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚ ਟਾਪ ਕੀਤਾ। ਜ਼ਿਲ੍ਹੇ ਵਿੱਚੋਂ ਅੱਠਵੀਂ ਜਮਾਤ ਦੇ ਕੁੱਲ 42978 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 42009 ਵਿਦਿਆਰਥੀ ਪਾਸ ਹੋਏ। ਕੁੱਲ ਪ੍ਰਤੀਸ਼ਤ ਅਨੁਸਾਰ ਸਾਰੇ ਪੰਜਾਬ ਵਿੱਚੋਂ ਲੁਧਿਆਣਾ ਜ਼ਿਲ੍ਹਾ 97.75 ਪ੍ਰਤੀਸ਼ਤ ਨਾਲ 18ਵੇਂ ਸਥਾਨ ’ਤੇ ਆਇਆ ਹੈ। ਇਸ ਨਤੀਜੇ ਵਿੱਚੋਂ ਆਰਐੱਸ ਮਾਡਲ ਸਾਸ਼ਤਰੀ ਨਗਰ ਸ਼ਿਵਾਨੀ ਕੁਮਾਰੀ ਅਤੇ ਸਨਮਤੀ ਵਿਮਲ ਜੈਨ ਸਕੂਲ ਜਗਰਾਓਂ ਦੀ ਜਸਮੀਨ ਖੁਰਾਣਾ ਨੇ ਸਾਂਝੇ ਤੌਰ ’ਤੇ 600 ਵਿੱਚੋਂ 593 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਆਰਐਸ ਮਾਡਲ ਸਕੂਲ ਸ਼ਾਸਤਰੀ ਨਗਰ ਦੀ ਸ਼ਾਲੂ ਸਿੰਘ ਅਤੇ ਐਸਜੀਡੀ ਗਰਾਮਰ ਸਕੂਲ ਢੰਡਾਰੀ ਕਲਾ ਦੇ ਅਦਿੱਤਿਆ ਨੇ 600 ਵਿੱਚੋਂ 592 ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਦੂਜਾ ਜਦਕਿ ਕੈਬਰਿਜ ਮਾਡਰਨ ਸਕੂਲ ਦੀ ਹਰਜੋਤ ਕੌਰ ਅਤੇ ਐਸਜੀਡੀ ਗਰਾਮਰ ਸਕੂਲ ਦੀ ਸੋਨੀ ਨੇ ਸਾਂਝੇ ਤੌਰ ਤੇ 591 ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਬੋਰਡ ਵੱਲੋਂ ਜਾਰੀ ਕੀਤੀ ਮੈਰਿਟ ਸੂਚੀ ਵਿੱਚੋਂ ਲੁਧਿਆਣਾ ਜ਼ਿਲ੍ਹੇ ਦੇ 51 ਵਿਦਿਆਰਥੀਆਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਬਹੁਤੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿੱਚੋਂ ਹਨ ਜਦਕਿ ਤਿੰਨ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਵੀ ਹਨ। ਲੁਧਿਆਣਾ ਦੇ ਜਿਨ੍ਹਾਂ ਤਿੰਨ ਸਰਕਾਰੀ ਸਕੂਲਾਂ ਨੇ ਮੈਰਿਟ ਵਿੱਚ ਥਾਂ ਬਣਾਈ ਉਨ੍ਹਾਂ ਵਿੱਚ ਸਰਕਾਰੀ ਮਿਡਲ ਸਕੂਲ ਸਮਿੱਟਰੀ ਰੋਡ ਦਾ 98 ਫੀਸਦੀ ਅੰਕ ਲੈਣ ਵਾਲਾ ਗੌਰਵ, ਸਰਕਾਰੀ ਕੰਨਿਆ ਸਕੂਲ ਮਾਛੀਵਾੜਾ ਦੀ 97.83 ਫੀਸਦੀ ਅੰਕ ਲੈਣ ਵਾਲੀ ਇਸ਼ਮੀਤ ਕੌਰ ਅਤੇ 97.67 ਫੀਸਦੀ ਅੰਕਾਂ ਲੈਣ ਵਾਲੀ ਸਰਕਾਰੀ ਸਮਾਰਟ ਸਕੂਲ ਪੀਏਯੂ ਦੀ ਵਿਦਿਆਰਥਣ ਆਸ਼ਿਤਾ ਦਾ ਨਾਮ ਸ਼ਾਮਲ ਹੈ ਜਦਕਿ ਬੀਸੀਐੱਮ ਫੋਕਲ ਪੁਆਇੰਟ ਦੇ ਵੀ ਕਈ ਬੱਚਿਆਂ ਨੇ ਮੈਰਿਟ ਵਿੱਚ ਆਪਣੀ ਥਾਂ ਬਣਾਈ ਹੈ।