ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੁਲਾਈ
ਸਨਅਤੀ ਸ਼ਹਿਰ ਵਿੱਚ ਕੂੜਾ ਚੁੱਕਣ ਲਈ ਹੁਣ ਘਰ ਘਰ ਈ-ਰਿਕਸ਼ਾ ਜਾਣਗੇ। ਜਿਸ ਨੂੰ ਅੱਜ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਆਪਣੇ ਮਾਇਆ ਨਗਰ ਸਥਿਤ ਦਫ਼ਤਰ ਵਿਖੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰਿਕਸ਼ੇ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਨਗਰ ਨਿਗਮ ਅਧੀਨ ਪੈਂਦੇ ਇਲਾਕਿਆਂ ਵਿੱਚੋਂ ਕੂੜਾ ਕਰਕਟ ਚੁੱਕਣ ਲਈ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸਫਾਈ ਦੀ ਹਾਲਤ ਬਹੁਤ ਹੀ ਬਦਤਰ ਬਣ ਚੁੱਕੀ ਸੀ ਪਰ ਹੁਣ ਸਫਾਈ ਮੁਲਾਜ਼ਮਾਂ ਨੂੰ ਇਹ ਈ-ਰਿਕਸ਼ਾ ਮਿਲ ਜਾਣ ਕਾਰਨ ਕੂੜਾ ਕਰਕਟ ਸਹੀ ਸਮੇਂ ਤੇ ਡੰਪ ਤੱਕ ਪੁੱਜਦਾ ਹੋ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਹਲਕਾ ਪੱਛਮੀ ਲਈ ਕਰੀਬ 90 ਈ-ਰਿਕਸ਼ਾ ਅਲਾਟ ਕੀਤੇ ਗਏ ਹਨ ਜੋਕਿ ਲੜੀਵਾਰ ਚਲਾਏ ਜਾ ਰਹੇ ਹਨ। ਇਸ ਮੌਕੇ ਵਿਧਾਇਕ ਗੋਗੀ ਵੱਲੋਂ ਸਫਾਈ ਮੁਲਾਜ਼ਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਮਿਹਨਤ ਨਾਲ ਨਿਭਾਉਣ ਤਾਂ ਜੋ ਸ਼ਹਿਰ ਦੀ ਸਫ਼ਾਈ ਵਿਵਸਥਾ ਠੀਕ ਰਹੇ। ਉਨ੍ਹਾਂ ਕਿਹਾ ਕਿ ਇਹ ਈ-ਰਿਕਸ਼ਾ ਵਾਤਾਵਰਨ ਪੱਖੀ ਹਨ, ਇਨ੍ਹਾਂ ਨਾਲ ਪ੍ਰਦੂਸ਼ਣ ਵੀ ਨਹੀਂ ਫੈਲਦਾ ਕਿਉਂਕਿ ਇਹ ਬਿਜਲੀ ਨਾਲ ਚਾਰਜ ਹੁੰਦੇ ਹਨ। ਉਨ੍ਹਾਂ ਕਿਹਾ ਕਿ ਈ-ਰਿਕਸ਼ਿਆਂ ਰਾਹੀਂ ਨਿਗਮ ’ਤੇ ਡੀਜ਼ਲ/ਪੈਟਰੋਲ ਦੇ ਖਰਚੇ ਦਾ ਵੀ ਬੋਝ ਘਟੇਗਾ।