ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਅਕਤੂਬਰ
ਸ਼ਹਿਰ ਵਿੱਚ ਦਸਹਿਰੇ ਮੇਲੇ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਸ਼ਹਿਰ ਦੀਆਂ ਡੇਢ ਦਰਜਨ ਦੇ ਕਰੀਬ ਥਾਵਾਂ ’ਤੇ ਇਸ ਵਾਰ 5 ਅਕਤੂਬਰ ਨੂੰ ਦਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਮਹਿੰਗਾਈ ਕਰਕੇ ਝੂਲਿਆਂ ਦੇ ਝੂਟੇ ਲੈਣੇ ਵੀ ਮਹਿੰਗੇ ਹੋ ਗਏ ਹਨ। ਅੱਜ ਐਤਵਾਰ ਹੋਣ ਕਰਕੇ ਸ਼ਹਿਰ ਵਿੱਚ ਦਸਹਿਰਾ ਮੈਦਾਨਾਂ ’ਚ ਲੋਕਾਂ ਦੀ ਭੀੜ ਸਵੇਰ ਤੋਂ ਹੀ ਜੁੜਨੀ ਸ਼ੁਰੂ ਹੋ ਗਈ ਸੀ। ਸ਼ਾਮ ਤੱਕ ਸਾਰੀਆਂ ਹੀ ਥਾਵਾਂ ’ਤੇ ਲੋਕਾਂ ਦਾ ਇਕੱਠ ਦੇਖਦਿਆਂ ਹੀ ਬਣਦਾ ਸੀ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਪਰਿਵਾਸੀ ਪਰਿਵਾਰਾਂ ਦੀ ਸੀ। ਚੰਡੀਗੜ੍ਹ ਰੋਡ ’ਤੇ ਵਰਧਮਾਨ ਮਿੱਲ ਦੇ ਸਾਹਮਣੇ ਲੱਗੇ ਦਸਹਿਰਾ ਮੇਲੇ ਵਿੱਚ ਵੀ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਮੇਲਾ ਗਰਾਊਂਡ ਦੇ ਬਾਹਰ ਮਠਿਆਈ ਦੀਆਂ ਲੱਗੀਆਂ ਦੁਕਾਨਾਂ ਤੋਂ ਲੋਕ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਵਿੱਚ ਰੁੱਝੇ ਹੋਏ ਸਨ ਜਦਕਿ ਅੰਦਰ ਆਸਮਾਨ ਨੂੰ ਛੂੰਹਦੇ ਝੂਲੇ ਲੋਕਾਂ ਨੂੰ ਅਕਰਸ਼ਿਤ ਕਰ ਰਹੇ ਸਨ। ਇਸ ਵਾਰ ਝੂਲਿਆਂ ’ਤੇ ਵੀ ਮਹਿੰਗਾਈ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ। ਝੂਲਿਆਂ ਦੀ ਜਿਹੜੀ ਟਿਕਟ ਪਹਿਲਾਂ 30 ਤੋਂ 50 ਰੁਪਏ ਹੁੰਦੀ ਸੀ ਹੁਣ 80 ਤੋਂ 100 ਰੁਪਏ ਤੱਕ ਪਹੁੰਚ ਗਈ ਹੈ। ਟਿਕਟ ਮਹਿੰਗੀ ਹੋਣ ਕਰਕੇ ਹੁਣ ਝੂਟੇ ਲੈਣੇ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ। ਮੇਲਾ ਮੈਦਾਨ ਵਿੱਚ ਵੱਡੇ ਝੂਲਿਆਂ ਤੋਂ ਇਲਾਵਾ, ਪਾਣੀ ਵਿੱਚ ਤੈਰਦੀਆਂ ਕਿਸ਼ਤੀਆਂ, ਘੋੜੇ ਤੇ ਖਿਡੌਣਾ ਗੱਡੀਆਂ, ਕਿਸ਼ਤੀ ਝੂਲਾ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਸਨ। ਸਰਕਸ ਦੇਖਣ ਵਾਲਿਆਂ ਦੀ ਵੀ ਭੀੜ ਲੱਗੀ ਹੋਈ ਸੀ। ਇਸ ਵਾਰ ਵਰਧਮਾਨ ਰੋਡ, ਦਰੇਸੀ ਮੈਦਾਨ, ਉਪਕਾਰ ਨਗਰ, ਸਰਾਭਾ ਨਗਰ, ਭਾਈ ਰਣਧੀਰ ਸਿੰਘ ਨਗਰ, ਸੁਨੇਤ, ਮੋਤੀ ਨਗਰ, ਦੁਗਰੀ ਵਿੱਚ ਵੀ ਦਸਹਿਰੇ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ 50 ਤੋਂ 100 ਫੁੱਟ ਉੱਚੇ ਪੁਤਲੇ ਜਲਾਏ ਜਾ ਰਹੇ ਹਨ। ਪੁਲੀਸ ਵੱਲੋਂ ਵੀ ਤਿਓਹਾਰਾਂ ਮੌਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਉੱਚ ਅਧਿਕਾਰੀਆਂ ਵੱਲੋਂ ਪੀਸੀਆਰ ਅਤੇ ਹੋਰ ਮੁਲਾਜ਼ਮਾਂ ਨਾਲ ਮੀਟਿੰਗ ਵੀ ਕੀਤੀ ਸੀ।