ਹਾਦਸਿਆਂ ਵਿੱਚ ਵਾਧਾ ਹੋਇਆ; ਲੋਕਾਂ ਨੇ ਇੱਟਾਂ ਅਤੇ ਬੋਰੀਆਂ ਦੇ ਕੇ ਸੜਕ ਬਰਾਬਰ ਕੀਤੇ
ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਸਤੰਬਰ
ਸਥਾਨਕ ਤਾਜਪੁਰ ਰੋਡ ਨੂੰ ਟਿੱਬਾ ਰੋਡ ਨਾਲ ਜੋੜਨ ਵਾਲੀ ਸੜਕ ਨਵੀਂ ਬਣਨ ਕਾਰਨ ਇੱਥੇ ਪਏ ਸੀਵਰੇਜ ਦੇ ਢੱਕਣ ਕਈ ਕਈ ਇੰਚ ਡੂੰਘੇ ਹੋ ਗਏ ਹਨ ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਲੋਕਾਂ ਵੱਲੋਂ ਹਾਦਸੇ ਰੋਕਣ ਲਈ ਖੁਦ ਹੀ ਇਨ੍ਹਾਂ ਢੱਕਣਾਂ ’ਤੇ ਮਿੱਟੀ ਤੇ ਇੱਟਾਂ ਪਾ ਕੇ ਢੱਕ ਦਿੱਤਾ ਗਿਆ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਉਕਤ ਸੜਕ ਕਰੀਬ ਦੋ ਕੁ ਮਹੀਨੇ ਪਹਿਲਾਂ ਹੀ ਸੀਮੈਂਟ ਨਾਲ ਤਿਆਰ ਕੀਤੀ ਗਈ ਸੀ। ਇਸ ਸੜਕ ’ਤੇ ਸੀਵਰੇਜ ਦੇ 14 ਦੇ ਕਰੀਬ ਢੱਕਣ ਲੱਗੇ ਹੋਏ ਹਨ। ਸੜਕ ਉੱਚੀ ਹੋਣ ਕਰਕੇ ਹੁਣ ਇਨ੍ਹਾਂ ਵਿੱਚੋਂ 8-9 ਦੇ ਕਰੀਬ ਢੱਕਣ ਸੜਕ ਤੋਂ ਕਈ ਕਈ ਇੰਚ ਹੇਠਾਂ ਹੋ ਗਏ ਹਨ। ਇਹ ਢੱਕਣ ਹੇਠਾਂ ਰਹਿਣ ਕਾਰਨ ਰਾਤ ਸਮੇਂ ਰਾਹਗੀਰਾਂ ਨੂੰ ਦਿਖਾਈ ਨਹੀਂ ਦਿੰਦੇ ਅਤੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਹ ਸੀਵਰੇਜ ਦੇ ਢੱਕਣ ਦੋ ਪਹੀਆ ਚਾਲਕਾਂ ਲਈ ਵੱਡੀ ਮੁਸੀਬਤ ਬਣ ਰਹੇ ਹਨ। ਕਈ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਢੱਕਣਾਂ ’ਤੇ ਇੱਟਾਂ, ਪੱਥਰ ਅਤੇ ਮਿੱਟੀ ਆਦਿ ਪਾ ਕੇ ਸੜਕ ਦੇ ਬਰਾਬਰ ਕਰ ਦਿੱਤੇ ਹਨ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਨ੍ਹਾਂ ਸੀਵਰੇਜ ਦੇ ਢੱਕਣਾਂ ਨੂੰ ਵੀ ਉੱਚੇ ਕਰਕੇ ਸੜਕ ਦੇ ਬਰਾਬਰ ਕਰੇ ਤਾਂ ਜੋ ਭਵਿੱਖ ’ਚ ਕਿਸੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।
ਕੈਪਸ਼ਨ: ਤਾਜਪੁਰ ਰੋਡ ’ਤੇ ਨੀਵਾਂ ਹੋਇਆ ਸੀਵਰੇਜ ਦਾ ਢੱਕਣ ਜੋ ਇੱਟਾਂ ਨਾਲ ਪੂਰਿਆ ਗਿਆ ਹੈ।-ਫੋਟੋ: ਬਸਰਾ