ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਨਵੰਬਰ
ਡਾਬਾ ਦੀ ਲੁਹਾਰਾ ਕਲੋਨੀ ਇਲਾਕੇ ’ਚ ਰਹਿਣ ਰਹੇ ਸੰਜੈ ਕੁਮਾਰ ਨੇ ਆਰਥਿਕ ਤੰਗੀ ਦੇ ਚੱਲਦੇ ਵੀਰਵਾਰ ਨੂੰ ਆਪਣੇ ਘਰ ’ਚ ਫਾਹਾ ਲੈ ਲਿਆ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਉਸ ਦਾ ਭਰਾ ਘਰ ਆਇਆ। ਲਾਸ਼ ਲਟਕਦੀ ਦੇਖ ਉਸ ਦੇ ਹੋਸ਼ ਉਡ ਗਏ। ਥਾਣਾ ਡਾਬਾ ਦੀ ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਨਵੀਨ ਕੁਮਾਰ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਅਲੀਗੜ੍ਹ ਦਾ ਰਹਿਣ ਵਾਲਾ ਸੀ। ਇੱਥੇ ਉਹ ਰੇਹੜੀ ’ਤੇ ਵੱਖ-ਵੱਖ ਤਰ੍ਹਾਂ ਦਾ ਸਾਮਾਨ ਵੇਚਦਾ ਸੀ, ਪਰ ਉਸ ਨਾਲ ਉਸ ਦਾ ਖਰਚਾ ਪੂਰਾ ਨਹੀਂ ਹੁੰਦਾ ਸੀ। ਇੱਥੇ ਉਹ ਆਪਣੇ ਭਰਾ ਦੇ ਨਾਲ ਰਹਿੰਦਾ ਸੀ, ਜੋ ਕਿ ਘਰਾਂ ’ਚ ਮਾਲੀ ਸੀ। ਵੀਰਵਾਰ ਦੀ ਸਵੇਰੇ ਰੋਜ਼ਾਨਾ ਵਾਂਗ ਮ੍ਰਿਤਕ ਸੰਜੇ ਦਾ ਭਰਾ ਆਪਣੇ ਕੰਮ ’ਤੇ ਚਲੇ ਗਿਆ। ਪਿੱਛੋਂ ਸੰਜੇ ਨੇ ਫਾਹਾ ਲੈ ਲਿਆ। ਜਦੋਂ ਦੇਰ ਸ਼ਾਮ ਨੂੰ ਭਰਾ ਘਰ ਆਇਆ ਤਾਂ ਅੰਦਰ ਲਾਸ਼ ਲਟਕਦੀ ਦੇਖ ਨੇ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ। ਮਗਰੋਂ ਪੁਲੀਸ ਨੇ ਕਾਰਵਾਈ ਕੀਤੀ।