ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਸਤੰਬਰ
ਨਸ਼ਾ ਤਸਕਰੀ ਦੇ ਮਾਮਲੇ ’ਚ 10 ਸਾਲ ਦੀ ਸਜ਼ਾ ਕੱਟ ਚੁੱਕੇ ਮੁਲਜ਼ਮ ਨੇ ਵੱਖ-ਵੱਖ ਤਰੀਕਿਆਂ ਨਾਲ ਆਪਣੀ ਜਾਅਲੀ ਪਛਾਣ ਦੱਸ ਕੇ ਪੰਜ ਪਾਸਪੋਰਟ ਬਣਾ ਲਏ। ਉਸ ਨੇ ਇਹ ਪਾਸਪੋਰਟ ਆਪਣੇ ਖਿਲਾਫ਼ ਦਰਜ ਤਿੰਨ ਮਾਮਲਿਆਂ ਤੋਂ ਬਾਅਦ ਬਣਵਾਏ ਤਾਂ ਕਿ ਉਹ ਪੁਲੀਸ ਨੂੰ ਚਕਮਾ ਦੇ ਕੇ ਵਿਦੇਸ਼ ਜਾ ਸਕੇ। ਮੁਲਜ਼ਮ ਦੀ ਪਛਾਣ ਰਣਵੀਰ ਸਿੰਘ ਉਰਫ਼ ਰਾਣਾ ਵਜੋਂ ਹੋਈ ਹੈ, ਉਸ ਨੇ ਆਪਣੇ ਦੋਸਤ ਸੰਦੀਪ ਸਿੰਘ ਦੇ ਨਾਮ ’ਤੇ ਜਾਅਲੀ ਪਾਸਪੋਰਟ ਬਣਵਾ ਰੱਖੇ ਹਨ। ਮੁਲਜ਼ਮ ਨੂੰ ਕਾਊਂਟਰ ਇਟੈਲੀਜੈਂਸ ਤੇ ਸੀਆਈਏ-3 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਪੁਲੀਸ ਨੇ ਪਿੰਡ ਨਾਰੰਗਵਾਲ ਵਾਸੀ ਰਣਵੀਰ ਸਿੰਘ ਉਰਫ਼ ਰਾਣਾ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਪੱਤਰਕਾਰ ਮਿਲਣੀ ਕਰਦੇ ਹੋਏ ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਕਾਊਂਟਰ ਇਟੈਲੀਜੈਂਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਟੀਮ ਨੇ ਹਿੰਮਤ ਸਿੰਘ ਨਗਰ ਦੇ ਇੱਕ ਘਰ ’ਚ ਪਿੰਡ ਨਾਰੰਗਵਾਲ ਦੇ ਵਾਸੀ ਰਣਵੀਰ ਸਿੰਘ ਰਾਣਾ ਨੂੰ ਕਾਬੂ ਕੀਤਾ ਹੈ। ਪੁਲੀਸ ਜਾਂਚ ’ਚ ਪਤਾ ਲੱਗਿਆ ਕਿ ਉਸ ਨੇ ਆਪਣੇ ਨਾਮ ਬਦਲ ਕੇ ਪੈਨ ਕਾਰਡ, ਆਧਾਰ ਕਾਰਡ ਤੇ ਹੋਰ ਕਾਗਜ਼ਾਤ ਬਣਵਾਏ ਹਨ। ਇਸ ਦੇ ਆਧਾਰ ’ਤੇ ਉਸ ਵੱਲੋਂ ਆਪਣੇ ਹੀ ਪਿੰਡ ਦੇ ਸੰਦੀਪ ਸਿੰਘ ਤੇ ਉਸ ਦੀ ਪਤਨੀ ਦੇ ਨਾਮ ਦਾ ਫਰਜ਼ੀ ਪਾਸਪੋਰਟ ਬਣਵਾ ਲਿਆ ਗਿਆ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਹ ਤਾਂ ਸਾਫ਼ ਹੋ ਗਿਆ ਹੈ ਕਿ ਉਸ ਦੇ ਪਾਸਪੋਰਟ ਸਹੀ ਹਨ, ਪਰ ਇਸ ’ਤੇ ਦਿੱਤੇ ਗਏ ਨਾਮ ਤੇ ਪਤੇ ਫਰਜ਼ੀ ਹਨ। ਜਦੋਂ ਕਿ ਇਨ੍ਹਾਂ ’ਤੇ ਫੋਟੋ ਉਸ ਦੀ ਲੱਗੀ ਹੋਈ ਹੈ। ਪੁਲੀਸ ਨੇ ਅਪਰਾਧਿਕ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਜਾਂਚ ਇਹ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਪਾਸਪੋਰਟ ਕਿਵੇਂ ਤਿਆਰ ਕਰਵਾਏ ਅਤੇ ਕੀ ਇਸ ਵਿੱਚ ਕੋਈ ਪਾਸਪੋਰਟ ਦਫ਼ਤਰ ਦਾ ਕਰਮੀ ਵੀ ਸ਼ਾਮਲ ਹੈ ਕਿਉਂਕਿ ਪਾਸਪੋਰਟ ਬਣਵਾਉਣ ਲਈ ਕਈ ਨਿਯਮ ਹੁੰਦੇ ਹਨ। ਪੁਲੀਸ ਵੈਰੀਫਿਕੇਸ਼ਨ ਵੀ ਹੁੰਦੀ ਹੈ।