ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਮਈ
ਦਾਜ ਮੰਗਣ ਦੇ ਦੋਸ਼ ਤਹਿਤ ਪੁਲੀਸ ਵੱਲੋਂ ਸਰਬਜੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਖੰਨਾ ਦੀ ਸ਼ਿਕਾਇਤ ਤੇ ਉਸ ਦੇ ਪਤੀ ਰਮਨਦੀਪ ਸਿੰਘ, ਸਹੁਰਾ ਜਸਮੇਲ ਸਿੰਘ ਤੇ ਸੱਸ ਰਣਧੀਰ ਕੌਰ ਵਾਸੀ ਕਰੌਦੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ। ਸਰਬਜੀਤ ਕੌਰ ਨੇ ਪੁਲੀਸ ਕੋਲ ਦਰਜ ਕਰਵਾਈ ਰਿਪੋਰਟ ’ਚ ਦੱਸਿਆ ਕਿ ਉਸ ਦਾ ਵਿਆਹ 13 ਅਕਤੂਬਰ 2021 ਨੂੰ ਰਮਨਦੀਪ ਸਿੰਘ ਨਾਲ ਹੋਇਆ। ਗਰੀਬ ਹੋਣ ਦੇ ਬਾਵਜੂਦ ਉਸ ਦੇ ਪਰਿਵਾਰਕ ਮੈਬਰਾਂ ਨੇ ਦਾਜ ਦਿੱਤਾ ਸੀ, ਪਰ ਵਿਆਹ ਉਪਰੰਤ ਸਹੁਰਾ ਪਰਿਵਾਰ ਨੇ ਊਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਪਤੀ ਰਮਨਦੀਪ ਸਿੰਘ ਦੇ ਕਰੀਬ 6 ਸਾਲਾਂ ਤੋਂ ਇਕ ਹੋਰ ਲੜਕੀ ਨਾਲ ਨਾਜਾਇਜ਼ ਸਬੰਧ ਹਨ ਤੇ ਉਹ 15 ਦਿਨਾਂ ਵਿੱਚ ਇਕ ਦਿਨ ਹੀ ਘਰ ਆਉਂਦਾ ਸੀ। ਉਸ ਦੇ ਪਤੀ ਨੇ ਆਪਣੇ ਪ੍ਰੇਮਿਕਾ ਨਾਲ ਮਿਲ ਕੇ ਪਾਸਪੋਰਟ ਬਣਾਇਆ ਹੋਇਆ ਹੈ। ਉਸ ਲੜਕੀ ਦੇ ਆਈਲੈਟਸ ਵਿਚ 7 ਬੈਂਡ ਹਨ, ਜਿਸ ਕਾਰਨ ਉਸ ਦਾ ਪਤੀ ਵਿਦੇਸ਼ ਜਾਣਾ ਚਾਹੁੰਦਾ ਹੈ। ਉਕਤ ਲੜਕੀ ਨਾਲ ਉਸ ਦੀਆਂ ਅਸ਼ਲੀਲ ਤਸਵੀਰਾਂ ਵੀ ਹਨ ਜੋ ਪੁਲੀਸ ਕੋਲ ਪੇਸ਼ ਕੀਤੀਆਂ ਗਈਆਂ। ਵਿਆਹ ਉਪਰੰਤ ਸਹੁਰਾ ਪਰਿਵਾਰ ਨੇ ਉਸ ਕੋਲੋਂ ਮੋਟਰਸਾਈਕਲ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਉਨ੍ਹਾਂ ਨੇ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਉਹ ਗਰਭ ਅਵਸਥਾ ਵਿਚ ਆਪਣੇ ਪੇਕੇ ਘਰ ਆ ਗਈ। ਪੁਲੀਸ ਨੇ ਸ਼ਿਕਾਇਤ ਦਰਜ ਕਰਨ ਉਪਰੰਤ ਮਾਮਲਾ ਵੂਮੈੱਨ ਸੈਲ ਕੋਲ ਭੇਜ ਦਿੱਤਾ। ਤਫਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।