ਖੇਤਰੀ ਪ੍ਰਤੀਨਿਧ
ਲੁਧਿਆਣਾ 10 ਸਤੰਬਰ
ਇਥੇ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵੱਲੋਂ ਅੱਜ ਸੰਗਰੂਰ ਵਿੱਚ ਕੀਤੀ ਰੈਲੀ ਵਿੱਚ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ ਦੀ ਅਗਵਾਈ ਹੇਠ ਵੱਡੀ ਗਿਣਤੀ ਵਰਕਰ ਸ਼ਾਮਲ ਹੋਏ। ਇਸ ਮੌਕੇ ਆਗੂਆਂ ਰਮਨਜੀਤ ਸਿੰਘ ਸੰਧੂ, ਪਰਮਜੀਤ ਕੌਰ, ਰਾਜ ਰਾਣੀ ਹਰਜੀਤ ਕੌਰ ਅਤੇ ਰਾਜਿੰਦਰ ਜੰਡਿਆਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ, ਪਰ ਸਰਕਾਰ ਦਾ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ। ਆਗੂਆਂ ਨੇ ਦੱਸਿਆ ਕਿ ਜੰਗਲਾਤ ਦੇ ਕੱਚੇ ਮੁਲਾਜ਼ਮਾਂ ਨੂੰ ਚਾਰ ਮਹੀਨਿਆਂ ਤੋਂ ਬਿਨਾਂ ਤਨਖ਼ਾਹ ਦਿੱਤੇ ਕੰਮ ਕਰਵਾਇਆ ਜਾ ਰਿਹਾ, ਮਿੱਡ-ਡੇਅ ਮੀਲ ਕੁੱਕ ਨੂੰ ਪਿੱਛਲੇ ਦੋ ਮਹੀਨੇ ਤੋਂ ਤਨਖਾਹਾਂ ਤੋਂ ਵਾਂਝੇ ਰੱਖਿਆ ਹੋਇਆ, ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਮਿੱੱਡ-ਡੇਅ ਮੀਲ ਅਤੇ ਆਸ਼ਾ ਵਰਕਰਾਂ ’ਤੇ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਦੋ ਸੌ ਰੁਪਿਆ ਡਿਵੈਲਪਮੈਂਟ ਟੈਕਸ ਦੇ ਨਾਂ ’ਤੇ ਲਿਆ ਜਾਂਦਾ ਜਜ਼ੀਆ ਟੈਕਸ ਬੰਦ ਕਰਨ, ਪੇਅ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਨ ਉਪਰੰਤ ਸੋਧ ਕੇ ਲਾਗੂ ਕਰਨ, ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਨ, ਪੇਅ ਕਮਿਸ਼ਨ ਦੀ ਬਕਾਇਆ ਰਾਸ਼ੀ ਜਾਰੀ ਕਰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਇਨ੍ਹਾਂ ਮੰਗਾਂ ਪ੍ਰਤੀ ਸਰਕਾਰ ਦੇ ਵਤੀਰੇ ਖ਼ਿਲਾਫ਼ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਵਿੱਚ ਭਾਰੀ ਰੋਸ ਹੈ। ਇਸ ਰੋਸ ਦਾ ਪ੍ਰਗਟਾਵਾ ਅੱਜ ਸਾਂਝੇ ਫਰੰਟ ਦੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰ ਕੇ ਕੀਤਾ ਗਿਆ ਹੈ।