ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਅਗਸਤ
ਸਥਾਨਕ ਥਾਣਾ ਸਿਟੀ ਅੱਗੇ ਪੱਕੇ ਮੋਰਚੇ ਵਿੱਚ ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦਾ ਜਥਾ ਸ਼ਾਮਲ ਹੋਇਆ ਅਤੇ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਲਈ ਇਨਸਾਫ਼ ਦੀ ਮੰਗ ਕੀਤੀ। ਧਰਨੇ ਦੇ 132ਵੇਂ ਦਿਨ ਸੂਬਾ ਸਰਕਾਰ ਤੇ ਪੰਜਾਬ ਪੁਲੀਸ ਦੇ ਵਤੀਰੇ ਦੀ ਨਿਖੇਧੀ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਸੰਗੀਨ ਧਾਰਾਵਾਂ ਤਹਿਤ ਡੀਐੱਸਪੀ ਸਮੇਤ ਚਾਰਾਂ ਖ਼ਿਲਾਫ਼ ਦਰਜ ਮਾਮਲੇ ’ਚ ਸੱਤ ਮਹੀਨੇ ਬਾਅਦ ਵੀ ਗ੍ਰਿਫ਼ਤਾਰੀਆਂ ਨਹੀਂ ਹੋ ਰਹੀਆਂ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਪੀੜਤ ਪਰਿਵਾਰ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ ਪਹਿਲੀਆਂ ਸਰਕਾਰਾਂ ਵਾਂਗ ਨਵੀਂ ਬਣੀ ‘ਆਪ’ ਸਰਕਾਰ ਲਈ ਵੀ ਸ਼ਰਮਨਾਕ ਹੈ। ਬਲਜੀਤ ਸਿੰਘ ਤਲਵੰਡੀ, ਸੁਰਜੀਤ ਸਿੰਘ ਗੁੜੇ, ਗੁਰਸੇਵਕ ਸਿੰਘ, ਮਨਜੀਤ ਸਿੰਘ ਨੇ ਪੁਰਜ਼ੋਰ ਮੰਗ ਕੀਤੀ ਕਿ ਕੁਲਵੰਤ ਕੌਰ ਦੀ ਮੌਤ ਲਈ ਜ਼ਿੰਮੇਵਾਰ ਮੁਲਜ਼ਮਾਂ ਨੂੰ ਫੌਰੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸੜਕ ’ਤੇ ਬੈਠੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਪੇਂਡੂ ਮਜ਼ਦੂਰ ਯੂਨੀਅਨ ਦੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਬਲਦੇਵ ਸਿੰਘ ਫੌਜੀ, ਬੀਕੇਯੂ ਏਕਤਾ (ਡਕੌਂਦਾ) ਦੇ ਬੰਤਾ ਸਿੰਘ ਡੱਲਾ, ਜੱਗਾ ਸਿੰਘ ਢਿੱਲੋਂ ਨੇ ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਤੋਂ ਗੈਰ-ਜ਼ਮਾਨਤੀ ਧਾਰਾਵਾਂ ਦੇ ਮੁਲਜ਼ਮਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਧਰਨੇ ’ਚ ਪਹੁੰਚ ਕੇ ਜੋ ਭਰੋਸਾ ਦਿੱਤਾ ਸੀ ਉਹ ਵੀ ਪੂਰਾ ਨਹੀਂ ਹੋਇਆ। ਵਿਧਾਇਕ ਮਾਤਾ ਸੁਰਿੰਦਰ ਕੌਰ ਦਾ ਖੂਨ ਨਾਲ ਲਿਖਿਆ ਪੱਤਰ ਵੀ ਮੁੱਖ ਮੰਤਰੀ ਨੂੰ ਸੌਂਪ ਕੇ ਆਏ ਸਨ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਜੇਕਰ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਦਾ ਇਹੋ ਵਤੀਰਾ ਭਵਿੱਖ ’ਚ ਕਾਇਮ ਰਹਿੰਦਾ ਹੈ ਤਾਂ ਲੋਕਾਂ ਕਾਨੂੰਨ ਤੋਂ ਭਰੋਸਾ ਉੱਠ ਜਾਵੇਗਾ। ਧਰਨੇ ’ਚ ਬੈਠੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸਾਲ 2005 ਤੋਂ ਇਨਸਾਫ਼ ਦੀ ਮੰਗ ਕਰਦਾ ਆ ਰਿਹਾ ਹੈ।
ਇਸ ਦੌਰਾਨ ਕਾਂਗਰਸ ਅਤੇ ਗੱਠਜੋੜ ਦੀਆਂ ਸਰਕਾਰਾਂ ਮਗਰੋਂ ਜਦੋਂ ਨਵੀਂ ਪਾਰਟੀ ਦੀ ਸਰਕਾਰ ਸੱਤਾ ’ਚ ਆਈ ਤਾਂ ਇਨਸਾਫ਼ ਦੀ ਉਮੀਦ ਬੱਝੀ ਸੀ ਪਰ ‘ਆਪ’ ਸਰਕਾਰ ਦੇ ਵੀ ਰਵਾਇਤੀ ਸਰਕਾਰਾਂ ਦਾ ਵਾਲਾ ਰੁਖ਼ ਅਖ਼ਤਿਆਰ ਕਰਨ ਕਰਕੇ ਆਸ ਬੁਝਣ ਲੱਗੀ ਹੈ। ਧਰਨੇ ’ਚ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਕੁੰਡਾ ਸਿੰਘ ਕਾਉਂਕੇ, ਬਖਤੌਰ ਸਿੰਘ, ਚੜ੍ਹਤ ਸਿੰਘ ਬਾਰਦੇਕੇ ਆਦਿ ਸ਼ਾਮਲ ਹੋਏ।