ਜੋਗਿੰਦਰ ਸਿੰਘ ਓਬਰਾਏ
ਖੰਨਾ, 4 ਸਤੰਬਰ
ਇਥੋਂ ਦੇ ਸਮਾਧੀ ਰੋਡ ਚੌਕ ਵਿਚ ਖੜ੍ਹਦੀਆਂ ਨਾਜਾਇਜ਼ ਢੰਗ ਨਾਲ ਬੱਸਾਂ ਖਿਲਾਫ਼ ਆਮ ਆਦਮੀ ਪਾਰਟੀ ਵੱਲੋਂ ਅਰੰਭਿਆ ਧਰਨਾ ਲਗਾਤਾਰ ਜਾਰੀ ਹੈ। ‘ਆਪ’ ਵੱਲੋਂ ਇਹ ਬੱਸ ਅੱਡਾ 200 ਮੀਟਰ ਦੂਰ ਕਰਨ ਦੀ ਮੰਗ ਲਈ ਲਾਏ ਧਰਨੇ ਨੂੰ ਅੱਜ ਚਾਰ ਦਿਨ ਬੀਤ ਗਏ, ਪਰ ਪ੍ਰਸ਼ਾਸ਼ਨ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ। ਇਸ ਮੌਕੇ ਸਵਰਨ ਸਿੰਘ ਛਿੱਬਰ ਅਤੇ ਲਛਮਣ ਸਿੰਘ ਗਰੇਵਾਲ ਨੇ ਕਿਹਾ ਕਿ ਜਦੋਂ ਪ੍ਰਸ਼ਾਸ਼ਨ ਅੱਡਾ ਫੀਸ ਲੈਂਦਾ ਹੈ ਤਾਂ ਬੱਸਾਂ ਤੇ ਸਵਾਰੀਆਂ ਦੇ ਨਾਲ ਆਮ ਲੋਕਾਂ ਨੂੰ ਚੌਕ ਵਿਚ ਲੱਗਦੇ ਜਾਮ ਤੋਂ ਰਾਹਤ ਦੇਣ ਲਈ ਪ੍ਰਸ਼ਾਸ਼ਨ ਅੱਖਾਂ ਕਿਉਂ ਬੰਦ ਕਰਕੇ ਬੈਠਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਪ ਦੇ ਨੁਮਾਇੰਦਿਆਂ ਨੇ 5 ਵਾਰ ਮੰਗ ਪੱਤਰ ਦਿੰਦਿਆਂ ਮਾਮਲਾ ਏਡੀਸੀ, ਐੱਸਡੀਐੱਮ, ਐੱਸਐੱਸਪੀ, ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਪ੍ਰਧਾਨ ਦੇ ਧਿਆਨ ਵਿਚ ਲਿਆਂਦਾ ਗਿਆ, ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਮੌਕੇ ‘ਆਪ’ ਦੇ ਧਰਨੇ ਕਾਰਨ ਪੁਲੀਸ ਵੱਲੋਂ ਬੱਸਾਂ ਦੇ ਚਲਾਨ ਕੱਟੇ ਗਏ, ਜਦੋਂ ਬੱਸਾਂ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲੀਸ ਨਾਲ ਬਹਿਸਬਾਜ਼ੀ ਹੋਈ।