ਲੁਧਿਆਣਾ: ਬਿਲਕੀਸ ਬਾਨੋ ਸਮੂਹਿਕ ਜਬਰ-ਜਨਾਹ ਮਾਮਲੇ ਦੇ ਦੋਸ਼ੀਆਂ ਨੂੰ ਰਿਹਾਅ ਕਰ ਕੇ ਸਨਮਾਨਿਤ ਕਰਨ ਖ਼ਿਲਾਫ਼ ਅੱਜ ਜਮਹੂਰੀ ਅਧਿਕਾਰ ਸਭਾ ਵੱਲੋਂ ਜਨਤਕ-ਜਮਹੂਰੀ ਅਤੇ ਇਨਸਾਫ਼ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਈ ਬਾਲਾ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਇਸ ਤਰ੍ਹਾਂ ਦੇ ਕਾਰੇ ਕਰਨ ਵਾਲੇ ਦੋਸ਼ੀਆਂ ਨੂੰ ਰਿਹਾਅ ਕਰਨ ਨਾਲ ਭਾਜਪਾ ਦਾ ਔਰਤ ਅਤੇ ਘੱਟ ਗਿਣਤੀਆਂ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਇਹ ਦੇਸ਼ ਦੀਆਂ ਲੱਖਾਂ ਔਰਤਾਂ ਨਾਲ ਧ੍ਰੋਹ ਹੈ। ਅੱਜ ਜਦੋਂ ਦੇਸ਼ ਵਿੱਚ ਔਰਤਾਂ, ਘੱਟਗਿਣਤੀਆਂ ਅਤੇ ਦਲਿਤਾਂ ’ਤੇ ਹਮਲੇ ਲਗਾਤਾਰ ਵਧ ਰਹੇ ਹਨ ਅਜਿਹੇ ਸਮੇ ਵਿੱਚ ਸਜ਼ਾ ਮੁਆਫੀ ਇਨ੍ਹਾਂ ਵਰਗਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਾਵੇਗੀ। -ਖੇਤਰੀ ਪ੍ਰਤੀਨਿਧ