ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਭਾਜਪਾ – ਆਰਐਸਐਸ ਵੱਲੋਂ ਇਕ ਫਿਰਕੇ ਦੇ ਧਾਰਮਿਕ ਸਮਾਗਮਾਂ ਨੂੰ ਫ਼ਿਰਕੂ ਰੰਗਤ ਦੇਕੇ ਘੱਟ ਗਿਣਤੀ ਲੋਕਾਂ ਖ਼ਿਲਾਫ਼ ਨਫ਼ਰਤ ਭੜਕਾ ਕੇ ਕੀਤੇ ਜਾ ਰਹੇ ਯੋਜਨਾਬੱਧ ਹਮਲਿਆਂ ਖ਼ਿਲਾਫ਼ 27 ਅਪਰੈਲ ਨੂੰ ਪੰਜਾਬ ਭਰ ਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਅੱਜ ਇੱਥੇ ਸੂਬਾ ਜਥੇਬੰਦਕ ਕਮੇਟੀ ਦੇ ਸਕੱਤਰ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਖਰਗੋਨ, ਸਾਰੰਗਪੁਰ (ਮੱਧ ਪ੍ਰਦੇਸ਼), ਕਰੌਲੀ (ਰਾਜਸਥਾਨ), ਧਰਵਾਦ (ਕਰਨਾਟਕਾ), ਸੀਤਾਪੁਰ, ਆਗਰਾ (ਯੂਪੀ), ਜਹਾਂਗੀਰਪੁਰੀ (ਦਿੱਲੀ) ਸਮੇਤ ਅਨੇਕਾਂ ਸ਼ਹਿਰਾਂ ਚ ਘਟਗਿਣਤੀ ਵਰਗ ਦੇ ਲੋਕਾਂ ਤੇ ਫ਼ਿਰਕੂ ਭੀੜਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ, ਘਰਾਂ-ਦੁਕਾਨਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਹਨ ਜਦਕਿ ਪੁਲੀਸ ਅਤੇ ਪ੍ਰਸ਼ਾਸਨ ਹਮਲੇ ਦੌਰਾਨ ਮੂਕ ਦਰਸ਼ਕ ਬਣਿਆ ਰਹਿੰਦਾ ਹੈ ਅਤੇ ਫਿਰ ਪ੍ਰਸ਼ਾਸਨ ਵੱਲੋਂ ਪੀੜਤ ਧਿਰ ਉੱਤੇ ਹੀ ਧਾਰਾਵਾਂ ਦਰਜ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਸਿਆਸੀ ਨੇਤਾਵਾਂ ਵੱਲੋਂ ਨਫਰਤ ਭੜਕਾਉਣ ਦੇ ਹੀ ਬਿਆਨ ਦਿੱਤੇ ਜਾ ਰਹੇ ਹਨ ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਰਕੂ ਝੱਖੜ ਖ਼ਿਲਾਫ਼ ਵਿਦਿਆਰਥੀ ਜਥੇਬੰਦੀ ਜੱਥੇਬੰਦੀ ਨੇ ਸੀਬੀਐਸਈ ਵੱਲੋਂ ਨਵੀਂ ਸਿੱਖਿਆ ਨੀਤੀ ਤਹਿਤ ਚੱਕੇ ਗਏ ਕਦਮਾਂ ਦੀ ਵੀ ਨਿਖੇਧੀ ਕੀਤੀ ਹੈ।