ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਜਨਵਰੀ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਪਿਛਲੀ 23 ਦਸੰਬਰ ਨੂੰ ਕੋਰਟ ਕੋਪਲੈਕਸ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਵਾਲੰਟੀਅਰ ਬਣ ਕੇ ਜ਼ਖ਼ਮੀਆ ਅਤੇ ਜਾਂਚ ਏਜੰਸੀਆ ਦੀ ਮਦਦ ਕਰਨ ਵਾਲੇ 5 ਵਕੀਲਾਂ ਨੂੰ 26 ਜਨਵਰੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਲਈ ਪੱਤਰ ਲਿਖਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਬੈਂਸ ਨੇ ਦੱਸਿਆ ਕਿ ਅਜਿਹੀ ਕਾਰਵਾਈ ਕੁਝ ਭਾਈਚਾਰਾ ਖ਼ਰਾਬ ਕਰਨ ਦੀ ਨੀਅਤ ਨਾਲ ਕੀਤੀ ਜਾਂਦੀ ਹੈ ਪਰੰਤੂ ਗੁਰੂਆ ਪੀਰਾਂ ਦੀ ਧਰਤੀ ਪੰਜਾਬ ਉਪਰ ਹਮੇਸ਼ਾ ਤੋਂ ਹੀ ਅਜਿਹੀਆਂ ਕਾਰਵਾਈਆਂ ਕਰਨ ਵਾਲੇ ਲੋਕਾਂ ਦੇ ਮਨਸੂਬੇ ਫੇਲ੍ਹ ਹੁੰਦੇ ਆਏ ਹਨ। ਜੋ ਕੁਝ ਹੋਇਆਂ ਬਹੁਤ ਦੁੱਖਦ ਹੈ ਪਰੰਤੂ ਇਹ ਮੰਜ਼ਰ ਇਸ ਤੋਂ ਵੀ ਵਧੇਰੇ ਭਿਆਂਨਕ ਹੋ ਸਕਦਾ ਸੀ। ਇਸ ਲਈ ਸੁਰੱਖਿਆ ਅਮਲੇ ਦਰੁੱਸਤ ਕਰਕੇ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਜਾਂਚ ਜ਼ਰੂਰੀ ਹੈ, ਉਥੇ ਹੀ ਆਪਣੀ ਜਾਨ ਦੀ ਪ੍ਰਵਾਹ ਕਰੇ ਬਗੈਰ ਰੱਬ ਰੂਪੀ ਮਦਦ ਬਣ ਕੇ ਆਏ ਵਿਅਕਤੀਆਂ ਦਾ ਸਨਮਾਨ ਸਾਡੇ ਸਮਾਜਿਕ ਤਾਣੇ ਬਾਣੇ ਦੀ ਮੁੱਢਲੀ ਜ਼ਿੰਮੇਵਾਰੀ ਬਣ ਜਾਂਦਾ ਹੈ। ਇਸ ਤੋਂ ਬਾਅਦ ਵਕੀਲ ਭਾਈਚਾਰੇ ਵੱਲੋਂ ਸੰਯੁਕਤ ਰੂਪ ਤੇ ਵਿਧਾਇਕ ਬੈਂਸ ਦਾ ਧੰਨਵਾਦ ਕੀਤਾ ਗਿਆ।