ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਜੂਨ
ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਅੱਜ ਸਾਥੀ ਕੁਲਦੀਪ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ- ਵੱਖ ਭਖਦੇ ਲੋਕ ਹਿੱਤੂ ਤੇ ਦੇਸ਼ ਪ੍ਰੇਮੀ ਮੁੱਦਿਆਂ ਬਾਰੇ ਵਿਚਾਰਾਂ ਹੋਈਆਂ। ਜਥੇਬੰਦੀ ਦੇ ਆਗੂਆਂ ਜਸਦੇਵ ਸਿੰਘ ਲਲਤੋਂ, ਹਰਦੇਵ ਸਿੰਘ ਸੁਨੇਤ, ਸੁਖਦੇਵ ਸਿੰਘ ਕਿਲਾ ਰਾਏਪੁਰ, ਜੁਗਿੰਦਰ ਸਿੰਘ ਸ਼ਹਿਜ਼ਾਦ, ਪ੍ਰੇਮ ਸਿੰਘ ਸ਼ਹਿਜਾਦ, ਉਜਾਗਰ ਸਿੰਘ ਬੱਦੋਵਾਲ ਤੇ ਸ਼ਿੰਦਰ ਸਿੰਘ ਜਵੱਦੀ ਨੇ ਕਿਹਾ ਕਿ ਬੇਸ਼ੱਕ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਅਸ਼ਲੀਲ ਤੇ ਮਾਰਧਾੜ ਵਾਲੀ, ਹਥਿਆਰਾਂ ਅਤੇ ਨਸ਼ਿਆਂ ਦੀ ਵਰਤੋਂ ਨੂੰ ਵਧਾਉਣ ਵਾਲੀ ਗਾਇਕੀ ’ਤੇ ਸਿਧਾਂਤਕ ਤੌਰ ’ਤੇ ਪਾਬੰਦੀ ਲਾ ਕੇ ਦੋ ਮਹੀਨੇ ਪਹਿਲਾਂ ਫੈਸਲਾ ਲਿਆ ਸੀ, ਲੇਕਿਨ ਅਮਲੀ ਤੌਰ ’ਤੇ ਅਜੇ ਤੱਕ ਯੋਗ ਸੈਂਸਰ- ਬੋਰਡ ਕਾਇਮ ਕਰਕੇ ਇਸ ਦੇ ਖਾਤਮੇ ਲਈ ਅਸਰਦਾਰ ਅਮਲੀ ਕਦਮ ਨਹੀਂ ਚੁੱਕਿਆ। ਇਸ ਲਈ ਕਮੇਟੀ ਦੀ ਪੁਰਜ਼ੋਰ ਮੰਗ ਹੈ ਕਿ ਫੌਰੀ ਤੌਰ ’ਤੇ ਸੈਂਸਰ ਬੋਰਡ ਕਾਇਮ ਕੀਤਾ ਜਾਵੇ ਤੇ ਬੱਸਾਂ ’ਚ ਤੇ ਆਟੋ ਰਿਕਸ਼ਿਆਂ ’ਚ ਵੱਜਦੀ ਅਸ਼ਲੀਲ ਗਾਣਿਆਂ ’ਤੇ ਪਾਬੰਦੀ ਲੱਗੇ।