ਪੱਤਰ ਪ੍ਰੇਰਕ
ਜਗਰਾਉਂ, 9 ਸਤੰਬਰ
ਇੱਥੇ ਸ਼ਹਿਰ ਦੇ ਮਸਹੂਰ ਮਨੀ ਚੇਂਜਰ ਦੀ ਦੁਕਾਨ ’ਤੇ ਅੱਜ ਬਾਅਦ ਦੁਪਹਿਰ ਹਰਿਆਣਾ ਤੇ ਦਿੱਲੀ ਦੀ ਪੁਲੀਸ ਨੇ ਸਾਂਝੇ ਤੌਰ ’ਤੇ ਛਾਪਾ ਮਾਰਿਆ। ਦੁਕਾਨ ਮਾਲਕ ਤੇ ਉਸ ਦੇ ਲੜਕੇ ਤੋਂ ਘੰਟਿਆਂ ਬੱਧੀ ਪੁੱਛ-ਗਿੱਛ ਕੀਤੀ ਗਈ ਤੇ ਜਾਂਦੇ ਸਮੇਂ ਪੁਲੀਸ ਅਧਿਕਾਰੀ ਲੜਕੇ ਨੂੰ ਆਪਣੇ ਨਾਲ ਲੈ ਗਈ। ਜਦੋਂ ਦੋਵਾਂ ਰਾਜਾਂਂ ਦੀ ਪੁਲੀਸ ਨੁਕਾਨ ’ਤੇ ਪਹੁੰਚੀ ਤਾਂ ਸੀਆਈਏ ਜਗਰਾਉਂ ਦੀ ਟੀਮ ਵੀ ਉੱਥੇ ਹਾਜ਼ਰ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਹਵਾਲਾ ਦੇ ਪੈਸਿਆਂ ਨਾਲ ਹਥਿਆਰਾਂ ਦੀ ਖਰੀਦੋ-ਫਰੋਖ਼ਤ ਦੀਆਂ ਤਾਰਾਂ ਉਕਤ ਮਨੀ ਚੇਂਜਰ ਅਤੇ ਇਲਾਕੇ ਦੇ ਕੁਝ ਬਾਬਿਆਂ ਨਾਲ ਜੁੜਦੀਆਂ ਹਨ। ਡੀਐੱਸਪੀ ਸਤਵਿੰਦਰ ਸਿੰਘ ਵਿਰਕ ਨੇ ਦੋਵਾਂ ਟੀਮਾਂ ਵੱਲੋਂ ਕੀਤੀ ਗਈ ਛਾਪੇ ਮਾਰਨ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਮਨੀ ਚੇਂਜਰ ਦੀ ਦੁਕਾਨ ’ਤੇ ਮਾਰੇ ਛਾਪੇ ਦਾ ਸਬੰਧ ਹਵਾਲੇ ਦੇ ਰੁਪਇਆਂ ਨਾਲ ਜੁੜਦਾ ਹੋਣਾ ਸਾਹਮਣੇ ਆਇਆ ਹੈ।