ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਮਾਰਚ
ਲੁਧਿਆਣਾ ਬੇਸਬਾਲ ਐਸੋਸੀਏਸ਼ਨ ਵੱਲੋਂ 16ਵੀਂ ਸੀਨੀਅਰ ਡਿਸਟ੍ਰਿਕ ਬੇਸਬਾਲ ਚੈਂਪੀਅਨਸ਼ਿਪ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿੱਚ 1 ਅਤੇ 2 1ਮਾਰਚ ਨੂੰ ਕਰਵਾਈ ਗਈ। ਅੱਜ ਹੋਏ ਫਾਈਨਲ ਮੁਕਾਬਲੇ ਵਿੱਚੋਂ ਦੀਪ ਬੇਸਬਾਲ ਕਲੱਬ ਦੀ ਟੀਮ ਜੇਤੂ ਰਹੀ। ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੀਆਂ ਅੱਠ ਟੀਮਾਂ ਨੇ ਹਿੱਸਾ ਲਿਆ। ਐਸੋਸੀਏਸ਼ਨ ਦੇ ਪ੍ਰਧਾਨ ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਪਹਿਲੇ ਦਿਨ ਹੋਏ ਰਣਜੀਤ ਬੇਸਬਾਲ ਕਲੱਬ ਨੇ ਗਿੱਲ ਬੇਸਬਾਲ ਕਲੱਬ ਨੂੰ, ਆਰੀਆ ਕਾਲਜ ਨੇ ਖਾਲਸਾ ਵਾਰੀਅਰਜ਼ ਬੇਸਬਾਲ ਕਲੱਬ ਨੂੰ, ਦੀਪ ਬੇਸਬਾਲ ਕਲੱਬ ਨੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਕਲੱਬ ਗਿੱਲ ਨੂੰ, ਗੌਰਮਿੰਟ ਕਾਲਜ ਨੇ ਗੁਰੂ ਨਾਨਕ ਬੇਸਬਾਲ ਕਲੱਬ ਨੂੰ ਹਰਾਇਆ। ਸੈਮੀਫਾਈਨਲ ਮੁਕਾਬਲੇ ਵਿੱਚ ਰਣਜੀਤ ਬੇਸਬਾਲ ਕਲੱਬ ਨੇ ਆਰੀਆ ਕਾਲਜ ਨੂੰ 4-1 ਨਾਲ ਹਰਾਇਆ। ਦੂਜੇ ਸੈਮੀਫਾਈਨਲ ਵਿੱਚ ਦੀਪ ਬੇਸਬਾਲ ਕਲੱਬ ਨੇ ਗੌਰਮਿੰਟ ਕਾਲਜ ਨੂੰ 6-1 ਦੇ ਵੱਡੇ ਫਰਕ ਨਾਲ ਹਰਾਇਆ। ਫਾਈਨਲ ਮੈਚ ਵਿੱਚ ਦੀਪ ਬੇਸਬਾਲ ਦੀ ਟੀਮ ਨੇ ਰਣਜੀਤ ਬੇਸਬਾਲ ਕਲੱਬ ਨੂੰ ਸੰਘਰਸ਼ਪੂਰਨ ਮੁਕਾਬਲੇ ’ਚ 3-2 ਦੇ ਫਰਕ ਨਾਲ ਮਾਤ ਦਿੱਤੀ। ਚੈਂਪੀਅਨਸ਼ਿਪ ਵਿੱਚ ਆਰੀਆ ਕਾਲਜ ਨੇ ਸਰਕਾਰੀ ਕਾਲਜ ਨੂੰ 3-2 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।