ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਮਾਰਚ
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਿੱਚ ਕਾਲਜ ਕੌਂਸਲ ਦੀ ਅਗਵਾਈ ਹੇਠ ਅੰਗਰੇਜ਼ੀ ਦੇ ਪੋਸਟਗ੍ਰੈਜੂਏਟ ਵਿਭਾਗ ਵੱਲੋਂ ਨੌਜਵਾਨ ਲੇਖਕਾਂ ਦੀ ਪੁਸਤਕ ‘ਐਮਰਜਿੰਗ ਯੰਗ ਰਾਈਟਰਜ਼’ ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਹ ਪੁਸਤਕ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖੇ ਖੋਜ ਪੱਤਰਾਂ ’ਤੇ ਆਧਾਰਿਤ ਹੈ। ਸਮਾਗਮ ਦੀ ਸ਼ੁਰੂਆਤ ਵਿੱਚ ਵਿਭਾਗ ਦੀ ਮੁਖੀ ਡਾ. ਸੁਸ਼ਮਿੰਦਰਜੀਤ ਕੌਰ ਨੇ ਕਿਤਾਬ ਲੋਕ ਅਰਪਣ ਦੇ ਮੰਤਵ ਬਾਰੇ ਚਾਨਣਾ ਪਾਇਆ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਖੋਜ ਅਤੇ ਅਧਿਐਨ ਨੂੰ ਉਤਸ਼ਾਹਿਤ ਕਰਨਾ, ਪ੍ਰੇਰਿਤ ਕਰਨਾ ਅਤੇ ਉਸ ਦਾ ਸਮਰਥਨ ਕਰਨਾ ਕਾਲਜ ਦਾ ਹਮੇਸ਼ਾ ਆਦਰਸ਼ ਅਤੇ ਰੁਝਾਨ ਰਿਹਾ ਹੈ।
ਕਾਲਜ ਕੌਂਸਲ ਦੇ ਪ੍ਰਧਾਨ ਡਾ. ਐਸਪੀ ਸਿੰਘ ਨੇ ਵਿਭਾਗ ਦੀ ਇਸ ਵਧੀਆ ਕੋਸ਼ਿਸ਼ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਨੌਜਵਾਨ ਲੇਖਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇਹ ਵਧੀਆ ਪਲੇਟਫਾਰਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਇਸ ਸੰਸਥਾ ਦੇ ਸਾਬਕਾ ਵਿਦਿਆਰਥੀ ਹਨ ਤੇ ਉਨ੍ਹਾਂ ਨੇ ਹਮੇਸ਼ਾ ਗਲਪ ਅਤੇ ਕਵਿਤਾ ਦੀਆਂ ਪੁਸਤਕਾਂ ਲਿਖ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।
ਪ੍ਰੋ. ਅਮਰਜੀਤ ਕੌਰ ਪੰਨੂ ਨੇ ਕਿਹਾ ਕਿ ਕਿਤਾਬ ਨੂੰ ਪੜ੍ਹਦੇ ਹੋਏ ਉਹ ਕਿਤਾਬ ਨਾਲ ਇੱਕ-ਮਿੱਕ ਹੋ ਜਾਂਦੀ ਹੈ। ਪੁਸਤਕ ਵਿਭਿੰਗ ਚਿੱਤਰਾਂ, ਪ੍ਰਤੀਕਾਂ ਅਤੇ ਅਲੰਕਾਰਾਂ ਨਾਲ ਭਰਪੂਰ ਹੈ ਜੋ ਨੌਜਵਾਨ ਮਨਾਂ ਦੀ ਸਿਰਜਣਾਤਮਕਤਾ ਨੂੰ ਉਜਾਗਰ ਕਰਨ ਅਤੇ ਪਾਠਕ ਨੂੰ ਸ਼ਾਂਤੀ ਅਤੇ ਸੰਪੂਰਨਤਾ ਨਾਲ ਇੱਕ ਬਣਾਉਣ ਵਿੱਚ ਮਦਦ ਕਰਦੀ ਹੈ।
ਲੇਖਕ ਡਾ. ਪਰਮਜੀਤ ਸਿੰਘ ਰਮਾਣਾ ਨੇ ਕਿਹਾ ਕਿ ਬੱਚੇ ਮਹਾਮਾਰੀ ਦੇ ਦੌਰ ਤੋਂ ਮਜ਼ਬੂਤ ਹੋ ਕੇ ਉੱਭਰੇ ਹਨ। ਪ੍ਰੋ. ਗੁਰਭਜਨ ਗਿੱਲ ਨੇ ਸ਼ਖ਼ਸੀਅਤ ਦੀ ਤਰੱਕੀ ਲਈ ਖੋਜ ਦੀ ਭੂਮਿਕਾ, ਮਹੱਤਵ ਅਤੇ ਮਹੱਤਤਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਾਲਜ ਵੱਲੋਂ ਇਨ੍ਹਾਂ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਕਾਲਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦਾ ਸੰਚਾਲਨ ਡਾ. ਮਨਦੀਪ ਕੌਰ ਨੇ ਕੀਤਾ।