ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਜਨਵਰੀ
ਨੇੜਲੇ ਪਿੰਡ ਅਖਾੜਾ ਵਿੱਚ ਸਾਹਿਤਕਾਰਾਂ ਦੀ ਵਿਸ਼ੇਸ਼ ਇਕੱਤਰਤਾ ਹੋਈ। ਪਿੰਡ ਦੀ ਮਾਣਮੱਤੀ ਸੰਸਥਾ ਗੁਰਮਤਿ ਵਿਦਿਆਲਾ ਦੇ ਸਰਪ੍ਰਸਤ ਮਾਸਟਰ ਉਦੈ ਸਿੰਘ ਦੀ ਲਿਖੀ ਪੁਸਤਕ ‘ਮੈਂ ਖੁਦ’ ਨੂੰ ਇਸ ਸਮਾਗਮ ਦੌਰਾਨ ਇਕੱਤਰ ਹੋਏ ਸਾਹਿਤਕਾਰਾਂ ਨੇ ਲੋਕ ਅਰਪਣ ਕੀਤਾ। ਸਮਾਗਮ ਦੇ ਮੁੱਖ ਬੁਲਾਰੇ ਸਾਹਿਤਕਾਰ ਹਰਬੰਸ ਅਖਾੜਾ ਨੇ ਕਿਤਾਬ ਲੋਕ ਅਰਪਣ ਕਰਨ ਦੀ ਰਸਮ ਤੋਂ ਬਾਅਦ ਪਿੰਡ ਦੇ ਸਾਹਿਤਕਾਰਾਂ ਵੱਲੋਂ ਗੁਰਬਾਣੀ ਸਿੱਖਿਆ ਅਤੇ ਪੰਜਾਬੀ ਬੋਲੀ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਤਾਬ ਬਾਰੇ ਆਖਿਆ ਕਿ ਇਹ ਕਿਤਾਬ ਪਿੰਡ ਅਤੇ ਸਾਹਿਤਕ ਸੱਥਾਂ ਦੀ ਸ਼ਾਨ ਹੋਵੇਗੀ। ਹਰਬੰਸ ਅਖਾੜਾ ਨੇ ‘ਮੈਂ ਖੁਦ’ ਅਤੇ ਆਪਣੀ ਲਿਖੀ ਪੁਸਤਕ ‘ਸਰਘੀ ਦੀ ਲੋਅ’ ਵਿਚੋਂ ਰਚਨਾਵਾਂ ਪੜ੍ਹੀਆਂ। ਲੇਖਕ ਜਸਵੀਰ ਅਖਾੜਾ ਨੇ ਵੀ ਰਚਨਾਵਾਂ ਨਾਲ ਆਪਣੀ ਹਾਜ਼ਰੀ ਲਵਾਈ। ਬੁਲਾਰਿਆਂ ਅਤੇ ਸਮਾਗਮ ’ਚ ਹਾਜ਼ਰ ਸਾਹਿਤਕ ਸ਼ਖ਼ਸੀਅਤਾਂ ਨੇ ਲੇਖਕ ਮਾਸਟਰ ਉਦੈ ਸਿੰਘ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਬਿੱਕਰ ਸਿੰਘ, ਸਨਦੀਪ ਗਰੇਵਾਲ, ਰਾਜਬੀਰ ਮਾਛੀਕੇ, ਚਰਨਪ੍ਰੀਤ ਬਰਿਆਰ, ਹਰਪ੍ਰੀਤ ਪੱਖੋਵਾਲ, ਹਰਮਨਦੀਪ ਕੌਰ, ਜਸਵੀਰ ਕੌਰ, ਸਰਪਾਲ ਕੌਰ, ਅਰਸ਼ਦੀਪ ਕੌਰ, ਸਨਮਦੀਪ ਕੌਰ ਆਦਿ ਹਾਜ਼ਰ ਸਨ।