ਦੇਵਿੰਦਰ ਸਿੰਘ ਜੱਗੀ
ਪਾਇਲ , 31 ਮਾਰਚ
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸ਼੍ਰੋਮਣੀ ਸੰਤ ਖ਼ਾਲਸਾ ਦਲ ਦੇ ਜਥੇਦਾਰ ਸੰਤ ਦਰਸ਼ਨ ਸਿੰਘ ਖ਼ਾਲਸਾ ਦੀ ਦੇਖ-ਰੇਖ ਹੇਠ ਅਤੇ ਪੰਜ ਪਿਆਰਿਆਂ ਅਗਵਾਈ ਵਿਚ ਦਲ ਪੰਥ ਦੇ ਸੈਂਕੜੇ ਸਿੰਘ-ਸਿੰਘਣੀਆਂ ਅਤੇ ਭੁਝੰਗੀ ਫੌਜਾਂ ਵੱਲੋਂ ਹੋਲੇ-ਮਹੱਲੇ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮੇਂ ਧਾਰਮਿਕ ਸਮਾਗਮ ਵਿੱਚ ਜਥੇ ਦੇ ਸਿੰਘਾਂ ਅਤੇ ਤਪੋਬਣ ਟਕਸਾਲ ਦੇ ਵਿਦਿਆਰਥੀਆਂ ਨੇ ਕਥਾ ਕੀਰਤਨ ਰਾਹੀਂ ਹਾਜ਼ਰੀ ਭਰੀ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਖਾਲਸਾ ਨੇ ਭਾਈ ਨੰਦ ਲਾਲ ਦੀਆ ਵਾਰਾਂ ਰਾਹੀਂ ਦੱਸਿਆ ਕਿ ਜਦੋਂ ਜ਼ੁਲਮ ਹੋ ਰਿਹਾ ਸੀ, ਧਰਮ ਤੋੜੇ ਜਾ ਰਹੇ ਸਨ ਤਾਂ ਗੁਰੂ ਸਾਹਿਬ ਨੇ ਜ਼ੁਲਮ ਦੇ ਖਾਤਮੇ ਲਈ ਹੋਲਾ-ਮਹੱਲਾ ਮਨਾ ਕਿ ਸਿੰਘਾਂ ਨੂੰ ਸ਼ਾਸਤਰ ਵਿਦਿਆ ਨਾਲ ਨਿਪੁੰਨ ਕੀਤਾ। ਆਪਣੇ ਖਾਲਸੇ ਨੂੰ ਲੋਕ ਪ੍ਰਲੋਕ ਦਾ ਅਜਿਹਾ ਰੰਗ ਚਾੜ੍ਹਿਆ, ਜੋ ਨਾ ਆਰਿਆਂ ਹੇਠ ਨਾ ਰੰਬੀਆਂ ਨਾਲ ਅਤੇ ਨਾ ਹੀ ਬੰਦ-ਬੰਦ ਕੱਟਣ ਨਾਲ ਕਦੇ ਫਿੱਕਾ ਪਿਆ। ਸਮਾਗਮ ਦੇ ਆਖਿਰ ਵਿੱਚ ਹਾਥੀ, ਘੋੜੇ, ਰੱਥ, ਬੱਘੀਆਂ ਅਤੇ ਬੈਲ ਗੱਡਿਆਂ ਤੇ ਖ਼ਾਲਸਾਈ ਬਾਣੇ ਵਿੱਚ ਸਜੇ ਜਥੇ ਦੇ ਸਿੰਘ ਸਿੰਘਣੀਆਂ ਨੇ ਸੰਗਤਾਂ ਨਾਲ ਮਿਲਕੇ ਢੱਕੀ ਸਾਹਿਬ ਦੇ ਕੁਦਰਤੀ ਵਾਤਾਵਰਨ ਵਿੱਚ ਹੋਲਾ-ਮਹੱਲਾ ਕੱਢ ਕੇ ਖਾਲਸੇ ਦੀ ਵਿਰਾਸਤ ਨੂੰ ਤਰੋ ਤਾਜਾ ਕੀਤਾ। ਸੰਤ ਖਾਲਸਾ ਨੇ ਸਮੁੱਚੀਆਂ ਸੰਗਤਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ। ਇਸ ਸਮੇ ਭਾਈ ਗੁਰਦੀਪ ਸਿੰਘ, ਭਾਈ ਕੜਾਕਾ ਸਿੰਘ, ਭਾਈ ਸਤਿੰਦਰ ਸਿੰਘ, ਭਾਈ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।