ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਨਵੰਬਰ
ਇਥੋਂ ਦੇ ਨਗਰ ਕੌਂਸਲ ਹਾਲ ਵਿੱਚ ਕੌਸਲ ਦੇ ਚੀਫ਼ ਸੈਨੇਟਰੀ ਅਧਿਕਾਰੀ ਹਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠਾਂ ਮੀਟਿੰਗ ਹੋਈ, ਜਿਸ ਵਿਚ ਸ਼ਹਿਰ ਦੇ ਨਕਸ਼ਾ ਨਵੀਸ, ਠੇਕੇਦਾਰ ਤੇ ਮਲਬੇ ਦੀ ਢੁਆਈ ਕਰਨ ਵਾਲਿਆਂ ਨੂੰ ਸੱਦ ਕੇ ਇਮਾਰਤਾਂ ਦੀ ਉਸਾਰੀ ਕਾਰਜ ਦੌਰਾਨ ਇੱਕਠਾ ਹੋਣ ਵਾਲੇ ਮਲਬੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸ੍ਰੀ ਭੁੱਲਰ ਨੇ ਕਿਹਾ ਕਿ ਇਮਾਰਤ ਦਾ ਨਕਸ਼ਾ ਪਾਸ ਕਰਵਾਉਣ ਸਮੇਂ ਹੀ ਇਮਾਰਤ ਦੇ ਮਾਲਕ ਨੂੰ ਮਲਬੇ ਦੀ ਸੰਭਾਲ ਸਬੰਧੀ ਹਲਫ਼ਨਾਮਾ ਦੇਣਾ ਹੋਵੇਗਾ, ਉਸ ਉਪਰੰਤ ਹੀ ਨਕਸ਼ਾ ਪਾਸ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਮਲਬੇ ਨੂੰ ਕੌਂਸਲ ਵੱਲੋਂ ਤੈਅ ਕੀਤੇ ਸਥਾਨ ਪਿੰਡ ਰਸੂਲੜਾ ਕੋਲ ਹੀ ਸੁੱਟਿਆ ਜਾਵੇਗਾ। ਕੌਂਸਲ ਅਧੀਨ ਹੋਣ ਵਾਲੇ ਉਸਾਰੀ ਕੰਮਾਂ ਲਈ ਵੀ ਸਰਕਾਰੀ ਠੇਕੇਦਾਰ ਹਲਫ਼ਨਾਮਾ ਦੇਣਗੇ ਤੇ ਮਲਬੇ ਦੀ ਸੰਭਾਲ ਉਪਰੰਤ ਉਨ੍ਹਾਂ ਨੂੰ ਐਨ.ਓ.ਸੀ ਕੌਂਸਲ ਵੱਲੋਂ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿੱਜੀ ਤੌਰ ’ਤੇ ਕੰਮ ਕਰਨ ਵਾਲੇ ਠੇਕੇਦਾਰਾਂ ਨੂੰ ਵੀ ਮਲਬੇ ਦੀ ਢੁਆਈ ਕਰਨ ਵਾਲੇ ਵਾਹਨਾਂ ਦੀ ਰਜਿਸਟ੍ਰੇਸ਼ਨ ਕੌਂਸਲ ਕੋਲ ਕਰਵਾਉਣੀ ਹੋਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਆਪ ਮਲਬੇ ਦੀ ਢੁਆਈ ਕਰਦਾ ਹੈ ਤਾਂ ਉਹ ਕੌਂਸਲ ਨੂੰ ਫੀਸ ਅਦਾ ਕਰਕੇ ਕਰ ਸਕਦਾ ਹੈ। ਇਸ ਲਈ 100 ਰੁਪਏ ਪ੍ਰਤੀ ਰੇਹੜਾ, 500 ਰੁਪਏ ਪ੍ਰਤੀ ਟਰਾਲੀ ਤੇ ਇਕ ਹਜ਼ਾਰ ਰੁਪਏ ਪ੍ਰਤੀ ਟਿੱਪਰ ਫੀਸ ਰੱਖੀ ਗਈ ਹੈ। ਭੁੱਲਰ ਨੇ ਕਿਹਾ ਕਿ ਕਾਨੂੰਨ ਦਾ ਪਾਲਣ ਨਾ ਕਰਨ ਵਾਲੇ ਖ਼ਿਲਾਫ਼ 2 ਹਜ਼ਾਰ ਰੁਪਏ ਜੁਰਮਾਨਾ ਵਸੂਲ ਕੇ ਕਾਰਵਾਈ ਕੀਤੀ ਜਾਵੇਗੀ।