ਖੰਨਾ: ਭੁਲੇਖੇ ਨਾਲ ਗਲਤ ਦਵਾਈ ਨਿਗਲਣ ਕਾਰਨ ਆੜ੍ਹਤੀ ਨੌਹਰ ਚੰਦ ਸਿੰਗਲਾ (72) ਦੀ ਮੌਤ ਹੋ ਗਈ। ਪੁਲੀਸ ਨੇ ਸ਼ਹਿਰ ਦੇ ਉੱਤਮ ਨਗਰ ਵਾਸੀ ਮ੍ਰਿਤਕ ਨੌਹਰ ਚੰਦ ਦੇ ਪੁੱਤਰ ਗਿਰੀਸ਼ ਸਿੰਗਲਾ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਗਿਰੀਸ਼ ਸਿੰਗਲਾ ਨੇ ਦੱਸਿਆ ਕਿ ਉਹ ਤੇ ਉਸਦਾ ਛੋਟਾ ਭਰਾ ਹਰੀਸ਼ ਕੁਮਾਰ ਦੋਵੇਂ ਕਮਿਸ਼ਨ ਏਜੰਟ ਵਜੋਂ ਬੂਥ-49 ਅਨਾਜ ਮੰਡੀ ਵਿੱਚ ਨੌਹਰ ਚੰਦ ਐਂਡ ਸੰਨਜ਼ ’ਤੇ ਕੰਮ ਕਰਦੇ ਹਨ। ਉਸ ਦੇ ਪਿਤਾ ਕਾਰੋਬਾਰ ਘੱਟ ਹੋਣ ਕਾਰਨ ਪ੍ਰੇਸ਼ਾਨ ਰਹਿੰਦੇ ਸਨ। ਮਾਨਸਿਕ ਪ੍ਰੇਸ਼ਾਨੀ ਕਾਰਨ ਉਸਦੇ ਪਿਤਾ ਦਵਾਈ ਵੀ ਲੈਂਦੇ ਸਨ ਤੇ 31 ਮਈ ਨੂੰ ਉਹ ਘਰੋਂ ਦੁਕਾਨ ’ਤੇ ਆਏ ਸਨ ਤੇ ਉਨ੍ਹਾਂ ਦੁਕਾਨ ’ਚ ਪਈ ਦਵਾਈ ਨਿਗਲ ਲਈ ਅਤੇ ਉਨ੍ਹਾਂ ਦੀ ਸਿਹਤ ਖਰਾਬ ਹੋਈ। ਉਨ੍ਹਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਡੀਐੱਮਸੀ ਰੈਫ਼ਰ ਕਰ ਦਿੱਤਾ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। -ਨਿੱਜੀ ਪੱਤਰ ਪ੍ਰੇਰਕ