ਪੱਤਰ ਪ੍ਰੇਰਕ
ਸਮਰਾਲਾ, 10 ਜੂਨ
ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਅੱਜ ਜਣੇਪੇ ਦੌਰਾਨ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਮੌਤ ਹੋਣ ’ਤੇ ਪਰਿਵਾਰਕ ਮੈਬਰਾਂ ਨੇ ਹੰਗਮਾ ਕਰਦਿਆਂ ਹਸਪਤਾਲ ਸਟਾਫ ’ਤੇ ਅਣਗਹਿਲੀ ਵਰਤੇ ਜਾਣ ਦੇ ਦੋਸ਼ ਲਾਗਉਂਦੇ ਹੋਏ ਇਲਾਜ ਵਿਚ ਦੇਰੀ ਕੀਤੇ ਜਾਣ ਦੀ ਗੱਲ ਵੀ ਕਹੀ। ਜਾਣਕਾਰੀ ਅਨੁਸਾਰ ਪਿੰਡ ਘੁੰਗਰਾਲੀ ਰਾਜਪੂਤਾਂ ਨਿਵਾਸੀ ਮਨਪ੍ਰੀਤ ਕੌਰ ਨੂੰ ਜਣੇਪੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਤੇ ਜਣੇਪੇ ਦੌਰਾਨ ਨਵਜੰਮੇ ਬੱਚੇ ਦੀ ਮੌਤ ਹੋ ਗਈ। ਇਸ ’ਤੇ ਪਰਿਵਾਰਕ ਮੈਂਬਰ ਗੁੱਸੇ ਵਿਚ ਆ ਗਏ ਤੇ ਉਨ੍ਹਾਂ ਇਲਾਜ ਵਿਚ ਵਰਤੀ ਗਈ ਅਣਗਹਿਲੀ ਕਾਰਨ ਬੱਚੇ ਦੀ ਮੌਤ ਹੋਣ ਦਾ ਦੋਸ਼ ਲਗਾਉਂਦੇ ਹੋਏ ਹਸਪਤਾਲ ਪ੍ਰਸ਼ਾਸਨ ਖ਼ਿਆਫ਼ ਕਾਰਵਾਈ ਦੀ ਮੰਗ ਕੀਤੀ। ਬੱਚੇ ਦੇ ਪਿਤਾ ਸੋਢੀ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਉਸ ਦੀ ਪਤਨੀ ਦੀ ਸਕੈਨ ਕੀਤੀ ਗਈ ਸੀ ਤੇ ਉਸ ਨੂੰ ਸਭ ਕੁਝ ਠੀਕ ਦੱਸਦੇ ਹੋਏ ਨੋਰਮਲ ਡਲਿਵਰੀ ਹੋਣ ਬਾਰੇ ਕਿਹਾ ਗਿਆ ਸੀ। ਇਸ ਸੰਬਧ ਵਿੱਚ ਸੋਢੀ ਸਿੰਘ ਨੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਲਿਖਤੀ ਸ਼ਕਾਇਤ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਤਾਰਿਕਜੋਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਲਈ ਕਮੇਟੀ ਬਣਾ ਦਿੱਤੀ ਗਈ ਹੈ ਤੇ ਜੇਕਰ ਕੋਈ ਅਣਗਹਿਲੀ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।