ਸੰਤੋਖ ਗਿੱਲ
ਗੁਰੂਸਰ ਸੁਧਾਰ, 16 ਅਪਰੈਲ
ਦੋ ਦਿਨ ਪਹਿਲਾਂ ਲਾਗਲੇ ਪਿੰਡ ਹੇਰਾਂ ਅਤੇ ਛੱਜਾਵਾਲ ਵਿੱਚ ਝੱਖੜ ਕਾਰਨ ਡਿੱਗੇ ਬਿਜਲੀ ਟਰਾਂਸਫ਼ਾਰਮਰ ਨਾਲ ਲੱਗੀ ਭਿਆਨਕ ਅੱਗ ਨਾਲ ਦਰਜਨਾਂ ਕਿਸਾਨਾਂ ਦੀ ਤਬਾਹ ਹੋਈ ਸੈਂਕੜੇ ਏਕੜ ਕਣਕ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਸਮੇਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੌਰਾ ਕੀਤਾ ਅਤੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਵੀ ਕੀਤੀ। ਨਾਇਬ ਤਹਿਸੀਲਦਾਰ ਖੱਟੜਾ ਅਨੁਸਾਰ ਜਲਦ ਹੀ ਮੁਕੰਮਲ ਰਿਪੋਰਟ ਤਿਆਰ ਕਰ ਕੇ ਐੱਸ.ਡੀ.ਐੱਮ ਰਾਏਕੋਟ ਨੂੰ ਸੌਂਪੀ ਜਾਵੇਗੀ। ਇਸ ਮੌਕੇ ਪੀੜਤ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਗੁਰਪ੍ਰੀਤ ਸਿੰਘ ਨੂਰਪੁਰਾ, ਮਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਬਰ੍ਹਮੀ ਤੇ ਹੋਰਾਂ ਨੇ ਸਰਕਾਰ ਤੋਂ ਬਿਨਾ ਦੇਰੀ ਕਿਸਾਨਾਂ ਨੂੰ ਉਚਿੱਤ ਮੁਆਵਜ਼ਾ ਦੇਣ ਦੀ ਮੰਗ ਕੀਤੀ।