ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਪਰੈਲ
ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਸਾਈਬਰ ਠੱਗਾਂ ਨੇ ਹੁਣ ਧਰਮ ਦੇ ਨਾਂ ’ਤੇ ਵੀ ਲੋਕਾਂ ਨਾਲ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਹੈ, ਜਿਥੇ ਔਰਤਾਂ ਦੇ ਨਾਲ ਸਾਈਬਰ ਠੱਗਾਂ ਨੇ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਹੈਲੀਕਾਪਟਰ ਦੀਆਂ ਟਿਕਟਾਂ ਦੀ ਆਨਲਾਈਨ ਬੁਕਿੰਗ ਦੇ ਨਾਮ ’ਤੇ ਠੱਗੀ ਮਾਰੀ ਹੈ। ਲੁਧਿਆਣਾ ਦੀਆਂ 8 ਔਰਤਾਂ ਦੇ ਨਾਲ ਇਹ ਠੱਗੀ ਹੋਈ ਹੈ, ਜਿਨ੍ਹਾਂ ਦੇ ਵੱਲੋਂ ਯਾਤਰਾ ਲਈ ਹੈਲੀਕਾਪਟਰ ਦੀ ਟਿਕਟ ਲਈ ਆਨਲਾਈਨ ਬੁਕਿੰਗ ਕਰਵਾਈ ਗਈ ਸੀ ਤੇ ਮਾਤਾ ਦੇ ਦਰਬਾਰ ਜਾ ਕੇ ਉਨ੍ਹਾਂ ਪਤਾ ਲੱਗਿਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਉਨ੍ਹਾਂ ਨੂੰ ਉਥੇ ਜਾ ਕੇ ਦੁਬਾਰਾ ਟਿਕਟ ਲਈ ਪ੍ਰੇਸ਼ਾਨ ਹੋਣਾ ਪਿਆ। ਠੱਗੀ ਦਾ ਸ਼ਿਕਾਰ ਹੋਈ ਔਰਤ ਸਿਲਕੀ ਨੇ ਦੱਸਿਆ ਕਿ ਉਹ 2 ਦਿਨ ਪਹਿਲਾਂ ਆਪਣੀਆਂ 8 ਸਹੇਲੀਆਂ ਨਾਲ ਸ੍ਰੀ ਵੈਸ਼ਨੋ ਦੇਵੀ ਮੱਥਾ ਟੇਕਣ ਲਈ ਗਈਆਂ ਸਨ। ਉਨ੍ਹਾਂ ਦੇ ਕਿਸੇ ਜਾਣਕਾਰ ਨੇ ਉਨ੍ਹਾਂ ਨੂੰ ਮਾਤਾ ਦੇ ਦਰਬਾਰ ’ਚ ਚੱਲਣ ਵਾਲੇ ਹੈਲੀਕਾਪਟਰ ਦੀ ਬੁਕਿੰਗ ਦਾ ਲਿੰਕ ਭੇਜਿਆ ਸੀ, ਜੋ ਸ੍ਰਾਈਨ ਬੋਰਡ ਦੀ ਸਾਈਟ ਦਾ ਸੀ। ਇਸ ’ਤੇ ਉਹ ਹੈਲੀਕਾਪਟਰ ਲਈ ਟਿਕਟ ਬੁੱਕ ਕਰਵਾ ਰਹੀ ਸੀ ਪਰ ਟਿਕਟਾਂ ਬੁੱਕ ਨਹੀਂ ਹੋਈਆਂ, ਇਸੇ ਤੋਂ ਬਾਅਦ ਸਾਈਟ ’ਤੇ ਦਿੱਤੇ ਗਏ ਨੰਬਰ ’ਤੇ ਸੰਪਰਕ ਕੀਤਾ ਤਾਂ ਉਕਤ ਵਿਅਕਤੀ ਨੇ ਦੱਸਿਆ ਕਿ ਉਹ ਸ੍ਰਾਈਨ ਬੋਰਡ ਦਾ ਮੁਲਾਜ਼ਮ ਬੋਲ ਰਿਹਾ ਹੈ ਤੇ ਉਹ ਇਸ ਲਈ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਉਸਨੇ ਉਨ੍ਹਾਂ ਨੂੰ ਨੰਬਰ ਦੇ ਕੇ ਪ੍ਰਤੀ ਟਿਕਟ 3500 ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ 2 ਟਿਕਟਾਂ ਦੇ ਲਈ ਪੈਸੇ ਅਤੇ ਉਨ੍ਹਾਂ ਦੇ ਪਛਾਣ ਪੱਤਰ ਭੇਜ ਦਿੱਤੇ ਸਨ, ਬਾਅਦ ਉਨ੍ਹਾਂ ਨੂੰ 2 ਟਿਕਟਾਂ ਬਣਾ ਕੇ ਭੇਜ ਦਿੱਤੀਆਂ ਗਈਆਂ। ਇਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ 6 ਹੋਰ ਟਿਕਟਾਂ ਬੁੱਕ ਕਰਵਾ ਦਿੱਤੀਆਂ ਗਈਆਂ। ਜਦੋਂ ਉਹ ਟਿਕਟ ਲੈ ਕੇ ਸ਼੍ਰੀ ਵੈਸ਼ਨੋ ਦੇਵੀ ਦਰਬਾਰ ਜਾਣ ਲੱਗੇ ਤਾਂ ਹੈਲੀਪੈਡ ’ਤੇ ਪੁੱਜਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਟਿਕਟ ਫਰਜ਼ੀ ਹੈ। ਉਧਰ, ਸਾਈਬਰ ਸੈਲ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਲਿੰਕ ਨੂੰ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਕਲਿੱਕ ਕਰਕੇ ਖੋਲ੍ਹਿਆ ਜਾਵੇ।