ਸਤਵਿੰਦਰ ਬਸਰਾ
ਲੁਧਿਆਣਾ, 8 ਜੂਨ
ਰਾਮਗੜ੍ਹੀਆ ਸ਼ਮਸ਼ਾਨਘਾਟ ਵੱਲੋਂ ਦੁੱਖ ਭੰਜਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ 137 ਦੇ ਕਰੀਬ ਲਵਾਰਿਸ ਅਸਥੀਆਂ ਗੁਰਦੁਆਰਾ ਕਟਾਣਾ ਸਾਹਿਬ ਵਿਚ ਮਰਿਯਾਦਾ ਅਨੁਸਾਰ ਜਲ ਪ੍ਰਵਾਹ ਕੀਤੀਆਂ ਗਈਆਂ। ਕਰੋਨਾ ਮਹਾਮਾਰੀ ਕਾਰਨ ਮਰਨ ਵਾਲੇ ਮਰੀਜ਼ਾਂ ਦੇ ਬੀਤੇ ਸਾਲ ਦੇ ਮਾਰਚ ਮਹੀਨੇ ਤੋਂ ਹੀ ਰਾਮਗੜ੍ਹੀਆ ਸ਼ਮਸ਼ਾਨਘਾਟ ਵਿਚ ਸਸਕਾਰ ਕੀਤੇ ਜਾ ਰਹੇ ਸਨ। ਇਨ੍ਹਾਂ ਵਿੱਚੋਂ ਕਈ ਮਰੀਜ਼ਾਂ ਦੇ ਆਪਣੇ ਵੀ ਅੰਤਿਮ ਸਸਕਾਰ ਤੋਂ ਭੱਜ ਗਏ ਸਨ। ਇਸ ਦੌਰਾਨ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਨੇ ਆਪਣਾ ਸਮਾਜਿਕ ਫ਼ਰਜ਼ ਸਮਝਦਿਆਂ ਇਨ੍ਹਾਂ ਵਿੱਚੋਂ ਬਹੁਤ ਸਾਰੇ ਮ੍ਰਿਤਕਾਂ ਦੇ ਸਸਕਾਰ ਭੇਟਾ ਰਹਿਤ ਕੀਤੇ ਸਨ। ਹੁਣ ਦੁੱਖ ਭੰਜਨ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਨੇ ਇਹ ਫ਼ੈਸਲਾ ਕੀਤਾ ਕਿ ਅਜਿਹੇ ਮਰੀਜ਼ਾਂ ਦੀਆਂ ਸ਼ਮਸ਼ਾਨਘਾਟ ਵਿੱਚ ਪਈਆਂ ਲਾਵਾਰਿਸ ਅਸਥੀਆਂ ਨੂੰ ਜਲ-ਪ੍ਰਵਾਹ ਕੀਤਾ ਜਾਵੇ ਤੇ ਵਿੱਛੜੀਆਂ ਰੂਹਾਂ ਲਈ ਅਰਦਾਸ ਕੀਤੀ ਜਾਵੇ।
ਇਸ ਕੰਮ ਲਈ ਅੱਜ ਸ਼ਮਸ਼ਾਨਘਾਟ ਦੇ ਪ੍ਰਧਾਨ ਰਣਜੋਧ ਸਿੰਘ ਦੀ ਅਗਵਾਈ ਵਿੱਚ ਸੁਸਾਇਟੀ ਦੀ ਸਮੁੱਚੀ ਟੀਮ ਨੇ ਇਹ ਸੇਵਾ ਨਿਭਾਈ। ਇਨ੍ਹਾਂ ਅਸਥੀਆਂ ਨੂੰ ਟਰੱਕ ਵਿੱਚ ਰੱਖ ਕਿ ਗੁਰਦੁਆਰਾ ਕਟਾਣਾ ਸਾਹਿਬ ਅਤੇ ਪ੍ਰਾਚੀਨ ਸ਼ਿਵ ਮੰਦਿਰ ਚਹਿਲਾਂ ਵਿਚ ਜਲ ਪ੍ਰਵਾਹ ਕਰ ਦਿੱਤਾ ਗਿਆ।
ਇਸ ਮੌਕੇ ਸਾਬਕਾ ਚੀਫ ਇੰਜਨੀਅਰ ਰਛਪਾਲ ਸਿੰਘ, ਪੰਡਿਤ ਪੰਕਜ ਸ਼ਰਮਾ, ਰਾਜੇਸ਼ ਕੁਮਾਰ ਬੱਬੂ, ਗ੍ਰੰਥੀ ਸਿੰਘ ਬਲਵਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਮੋਹਣ ਦੋਆਬਾ ਅਤੇ ਸਕੱਤਰ ਮਹਿੰਦਰ ਸਿੰਘ ਮਠਾੜੂ ਸ਼ਾਮਿਲ ਹੋਏ। ਸੁਸਾਇਟੀ ਵੱਲੋਂ ਲੋੜਵੰਦਾਂ ਦੇ ਸਸਕਾਰ ਦੀ ਸੇਵਾ ਅਤੇ ਹੋਰ ਸਮਾਜਿਕ ਕਾਰਜਾਂ ਲਈ ਸਹਿਯੋਗ ਲਈ ਅਪੀਲ ਕੀਤੀ।