ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 27 ਮਾਰਚ
ਕਰੋਨਾ ਮਹਾਮਾਰੀ ਦੇ ਕਹਿਰ ਕਾਰਨ ਪਿਛਲੇ ਸਾਲ ਮਾਰਚ ਤੋਂ ਸਕੂਲ-ਕਾਲਜ ਬੰਦ ਹੋਣ ਕਾਰਨ ਬੱਚਿਆਂ ਨੂੰ ਸਕੂਲਾਂ-ਕਾਲਜਾਂ ’ਚ ਪਹੁੰਚਾਉਣ ਵਾਲੀਆਂ ਵੈਨਾਂ ਦੇ ਚਾਲਕ, ਕਲੀਨਰ ਅਤੇ ਮਾਲਕ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਸਰਕਾਰਾਂ ਦਾ ਹੋਰ ਕਿਸੇ ’ਤੇ ਜ਼ੋਰ ਚੱਲੇ ਨਾ ਚੱਲੇ, ਜਦੋਂ-ਜਦੋਂ ਕਰੋਨਾ ਦੇ ਕੇਸ ਵੱਧਦੇ ਹਨ ਤਾਂ ਸਕੂਲ ਕਾਲਜ ਬੰਦ ਕਰਨ ਦਾ ਫੁਰਮਾਨ ਪਹਿਲਾਂ ਆ ਜਾਂਦਾ ਹੈ। ਇਸ ਧੰਦੇ ਨਾਲ ਜੁੜੇ ਅਵਤਾਰ ਸਿੰਘ, ਰਾਜਵਿੰਦਰ ਸਿੰਘ, ਸਤਨਾਮ ਸਿੰਘ, ਸੁਰੇਸ਼ ਕੁਮਾਰ, ਗੁਰਸੇਵਕ ਸਿੰਘ, ਵਿੱਕੀ ਤਿਹਾੜ੍ਹਾ, ਦਰਸ਼ਨ ਸਿੰਘ ਮੁਲਾਂਪੁਰ, ਜਰਨੈਲ ਸਿੰਘ, ਲਛਮਣ ਸਿੰਘ ਸਮੇਤ ਦਰਜਨ ਦੇ ਕਰੀਬ ਪੀੜਤਾਂ ਨੇ ਆਪਣਾ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਪਹਿਲਾਂ ਤਾਂ ਬਹੁ-ਗਿਣਤੀ ਵੈਨਾਂ, ਜੋ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਤੇ ਬੱਚਿਆਂ ਦੀ ਸੁਰੱਖਿਆ ਦੇ ਮਾਪਦੰਡਾਂ ’ਤੇ ਖਰੀਆਂ ਉਤਰਦੀਆਂ ਹਨ, ਵੈਨ ਬਣਾਉਣ ਵਾਲੀਆਂ ਕੰਪਨੀਆਂ ਨੇ ਸਹੂਲਤਾਂ ਦੇ ਨਾਮ ’ਤੇ ਉਨ੍ਹਾਂ ਨੂੰ ਖੂਬ ਲੁੱਟਿਆ। ਫਿਰ ਜਦੋਂ ਸਕੂਲਾਂ ਨਾਲ ਵੈਨਾਂ ਚੱਲਣ ਲੱਗੀਆਂ ਤਾਂ ਵੈਨਾਂ ਉਪਰ ਪੈਣ ਵਾਲੇ ਖਰਚਿਆਂ ਦੇ ਹਿਸਾਬ ਨਾਲ ਬੱਚਿਆਂ ਨੂੰ ਸਕੂਲਾਂ ’ਚ ਪਹੁੰਚਾਉਣ ਅਤੇ ਲੈ ਕੇ ਜਾਣ ਦਾ ਵਧਾਇਆ ਕਿਰਾਇਆ ਦੇਣ ਤੋਂ ਮਾਪੇ ਆਨਾ-ਕਾਨੀ ਕਰਨ ਲੱਗੇ। ਇਸ ਦੌਰ ’ਚੋਂ ਅਜੇ ਇਹ ਵਰਗ ਬਾਹਰ ਨਹੀਂ ਸੀ ਨਿਕਲ ਸਕਿਆ ਉਪਰੋਂ ਵਿਸ਼ਵਵਿਆਪੀ ਕਰੋਨਾ ਮਹਾਮਾਰੀ ਨੇ ਆ ਦਬੋਚੇ। ਥੋੜੀ ਬਹੁਤੀ ਬੱਚਤ ਵੀ ਬੰਦ ਹੋ ਗਈ। ਕੋਈ ਸਰਕਾਰੀ ਸਹਾਇਤਾ ਵੀ ਨਹੀਂ ਮਿਲੀ, ਉਪਰੋਂ ਬੈਂਕਾਂ ਵਾਲੇ ਟੁੱਟੀਆਂ ਕਿਸ਼ਤਾਂ ਭਰਵਾਉਣ ਲਈ ਦੱਬਕੇ ਮਾਰਨ ਲੱਗੇ। ਹੁਣ ਫਿਰ ਸਕੂਲ ਬੰਦ ਹੋ ਗਏ। ਪੀੜਤਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਤਰਸਯੋਗ ਹਾਲਤ ਅਤੇ ਰੁੱੜ ਚੁੱਕੇ ਕਾਰੋਬਾਰਾਂ ਲਈ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰਾਂ ਨੂੰ ਪਾਲ ਸਕਣ।
ਉਪ-ਮੰਡਲ ਮੈਜਿਸਟਰੇਟ ਨਰਿੰਦਰ ਸਿੰਘ ਨੇ ਆਖਿਆ ਕਿ ਵੈਨ ਚਾਲਕ ਆਪਣੀਆਂ ਸਮੱਸਿਆਂਵਾਂ ਜੇਕਰ ਉਨ੍ਹਾਂ ਨੂੰ ਲਿਖ ਕੇ ਦੇਣਗੇ ਤਾਂ ਉਹ ਬਿਨਾਂ ਦੇਰੀ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸਰਕਾਰ ਨੂੰ ਭੇਜਣਗੇ।