ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਅਪਰੈਲ
ਪੰਜਾਬ ਵਿੱਚ ਨਵੀਂ ਬਣੀ ਸਰਕਾਰ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਝਗੜੇ ਸ਼ੁਰੂ ਹੋ ਗਏ ਹਨ। ਇਸੇ ਤਹਿਤ ਮਾਛੀਵਾੜਾ ਟਰੱਕ ਯੂਨੀਅਨ ਵਿੱਚ ਵੀ ਰੇੜਕਾ ਚੱਲਿਆ ਆ ਰਿਹਾ ਹੈ। ਅੱਜ ਟਰੱਕ ਯੂਨੀਅਨ ਵਿੱਚ ਇਕੱਠੇ ਹੋਏ ਅਪਰੇਟਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਉਹ ਕੋਈ ਵੀ ਝਗੜਾ ਨਹੀਂ ਕਰਨਾ ਚਾਹੁੰਦੇ, ਇਸ ਲਈ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਸਮੂਹ ਟਰੱਕ ਅਪਰੇਟਰਾਂ ਦੀ ਸਹਿਮਤੀ ਨਾਲ ਇੱਕ ਪ੍ਰਬੰਧਕ ਕਮੇਟੀ ਦਾ ਗਠਨ ਕਰੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਟਰੱਕ ਯੂਨੀਅਨ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਵਿਰਕ, ਮਨੋਜ ਕੁਮਾਰ, ਅਵਤਾਰ ਸਿੰਘ ਨੇ ਕਿਹਾ ਕਿ 7 ਮੈਂਬਰੀ ਕਮੇਟੀ ਪਿਛਲੇ 18 ਮਹੀਨੇ ਤੋਂ ਸੁਚੱਜੇ ਢੰਗ ਨਾਲ ਕੰਮ ਕਰ ਰਹੀ ਹੈ ਅਤੇ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਕੁਝ ਟਰੱਕ ਅਪਰੇਟਰ ਜੋ ਆਪਣੇ ਆਪ ਨੂੰ ਇਸ ਪਾਰਟੀ ਦਾ ਸਮਰਥਕ ਦੱਸ ਰਹੇ ਹਨ, ਉਨ੍ਹਾਂ ਵਲੋਂ ਨਵੀਂ ਕਮੇਟੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਬੰਧਕ ਕਮੇਟੀ ਨੇ ਇਹ ਮੰਗ ਕੀਤੀ ਕਿ ਪ੍ਰਸ਼ਾਸਨ ਅਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਟਰੱਕ ਯੂਨੀਅਨ ਵਿੱਚ ਆ ਕੇ ਸਮੂਹ ਟਰੱਕ ਅਪਰੇਟਰਾਂ ਦੀ ਸਹਿਮਤੀ ਨਾਲ ਨਵੀਂ ਪ੍ਰਬੰਧਕ ਕਮੇਟੀ ਦਾ ਗਠਨ ਕਰ ਦੇਣ ਤਾਂ ਜੋ ਉਨ੍ਹਾਂ ਨੂੰ ਕੋਈ ਇਤਰਾਜ਼ ਨਾ ਹੋਵੇ। ਪ੍ਰਬੰਧਕ ਕਮੇਟੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾਵਾਂ ਹਨ ਕਿ ‘ਆਪ’ ਦੀ ਸਰਕਾਰ ਦੀ ਸ਼ਹਿ ਦੱਸ ਕੇ ਕੁਝ ਲੋਕ ਬਾਹਰਲੇ ਵਿਅਕਤੀ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹਨ, ਜੋ ਸਰਾਸਰ ਟਰੱਕ ਅਪਰੇਟਰਾਂ ਨਾਲ ਧੱਕੇਸ਼ਾਹੀ ਹੋਵੇਗੀ।
ਅਪਰੇਟਰਾਂ ਦੀ ਸਹਿਮਤੀ ਨਾਲ ਪ੍ਰਬੰਧਕ ਕਮੇਟੀ ਚੁਣੀ ਜਾਵੇਗੀ: ਦਿਆਲਪੁਰਾ
ਇਸ ਸਬੰਧੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਟਰੱਕ ਯੂਨੀਅਨ ਦਾ ਚੱਲ ਰਿਹਾ ਰੇੜਕਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਇੱਥੇ ਪਿਛਲੀਆਂ ਸਰਕਾਰਾਂ ਵਾਂਗ ਜੋ ਧੱਕੇਸ਼ਾਹੀ ਹੁੰਦੀ ਸੀ, ਉਹ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਵਕ ਢੰਗ ਨਾਲ ਸਮੂਹ ਟਰੱਕ ਅਪਰੇਟਰਾਂ ਦੀ ਸਹਿਮਤੀ ’ਤੇ ਹੀ ਨਵੀਂ ਪ੍ਰਬੰਧਕ ਕਮੇਟੀ ਚੁਣੀ ਜਾਵੇਗੀ।