ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 4 ਜੂਨ
ਇੱਥੇ ਸ਼ਹਿਰ ਦੇ ਸ਼ਿਵ ਮੰਦਰ ’ਚ ਸ਼ਿਵਲਿੰਗ ’ਤੇ ਪੈਨਸਿਲ ਨਾਲ ਗਲਤ ਸ਼ਬਦਾਵਲੀ ਲਿਖਣ ਵਾਲਾ ਵਿਅਕਤੀ ਪੁਲੀਸ ਨੇ ਕਾਬੂ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸੀਨੀਅਰ ਪੁਲੀਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਅੱਜ ਇਕ ਪ੍ਰੈੱਸ ਮਿਲਣੀ ਦੌਰਾਨ ਦੱਸਿਆ ਕਿ ਬੀਤੇ ਕੱਲ੍ਹ ਦੇਰ ਸ਼ਾਮ ਇੱਕ ਵਿਅਕਤੀ ਨੇ ਮੰਦਰ ’ਚ ਦਾਖ਼ਲ ਹੋ ਕਿ ਸ਼ਿਵਲਿੰਗ ’ਤੇ ਪੈਨਸਿਲ ਨਾਲ ਗਲਤ ਸ਼ਬਦ ਉਕਰ ਦਿੱਤੇ ਸਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਸੀ। ਮੰਦਰ ਦੇ ਪੁਜਾਰੀ ਬਾਬਾ ਮਹੇਸ਼ ਗਿਰੀ ਨੇ ਪੁਲੀਸ ਨੂੰ ਇਸ ਸਬੰਧੀ ਸੂਚਿਤ ਕੀਤਾ। ਇਸ ਮਾਮਲੇ ਦੀ ਪੜਤਾਲ ਐੱਸਪੀ (ਡੀ) ਰਾਜਬੀਰ ਸਿੰਘ, ਡੀਐੱਸਪੀ ਦਿਲਬਾਗ ਸਿੰਘ ਬਾਠ ਨੂੰ ਸੌਂਪੀ ਗਈ ਸੀ। ਉਨ੍ਹਾਂ ਥਾਣਾ ਸ਼ਹਿਰੀ ਦੇ ਇੰਸਪੈਕਟਰ ਜਗਜੀਤ ਸਿੰਘ ਤੇ ਪੁਲੀਸ ਪਾਰਟੀ ਦੀ ਮੱਦਦ ਨਾਲ 20 ਘੰਟਿਆਂ ’ਚ ਹੀ ਮਾਮਲੇ ਦੀ ਤਹਿ ਤੱਕ ਜਾ ਕੇ ਮੁਲਜ਼ਮ ਗੁਰਬਖਸ਼ ਸਿੰਘ ਵਾਸੀ ਅਗਵਾੜ੍ਹ ਗੁੱਜਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁਲਜ਼ਮ ਦੇ ਕੱਪੜਿਆਂ ਦਾ ਕੈਮਰਿਆਂ ਨਾਲ ਮਿਲਾਨ ਕਰਕੇ ਜਦੋਂ ਐੱਸਪੀ(ਡੀ) ਰਾਜਬੀਰ ਸਿੰਘ, ਡੀਐੱਸਪੀ ਦਿਲਬਾਗ ਸਿੰਘ ਬਾਠ ਨੇ ਮੁਲਜ਼ਮ ਦੇ ਪਰਿਵਾਰ ਨਾਲ ਰਾਬਤਾ ਕੀਤਾ ਤਾਂ ਖੁਲਾਸਾ ਹੋਇਆ ਕਿ ਮੁਲਜ਼ਮ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੈ ਤੇ ਉਸ ਦੀ ਦਵਾਈ ਚੱਲ ਰਹੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਗੁਰਬਖਸ਼ ਸਿੰਘ ਨੇ ਮੁੱਢਲੀ ਪੁੱਛਗਿਛ ਦੌਰਾਨ ਹੀ ਮੰਨਿਆ ਕਿ ਉਸੇ ਨੇ ਮੰਦਰ ’ਚ ਅਪਸ਼ਬਦ ਲਿਖੇ ਸਨ। ਉਸ ਨੇ ਇਸ ਕੰਮ ਲਈ ਵਰਤੀ ਪੈਨਸਿਲ ਵੀ ਪੁਲੀਸ ਨੂੰ ਦੇ ਦਿੱਤੀ।