ਸਤਵਿੰਦਰ ਬਸਰਾ
ਲੁਧਿਆਣਾ, 20 ਅਪਰੈਲ
ਸਥਾਨਕ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦਾ ਡਿਗਰੀ ਵੰਡ ਸਮਾਗਮ ਪੀਏਯੂ ਦੇ ਪਾਲ ਆਡੀਟੋਰੀਅਮ ਵਿੱਚ ਹੋਇਆ, ਜਿਸ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੈਟਰਨਰੀ ਕਾਊਂਸਲ ਆਫ਼ ਇੰਡੀਆ ਦੇ ਪ੍ਰਧਾਨ ਡਾ. ਉਮੇਸ਼ ਚੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਮਾਗਮ ਵਿੱਚ 318 ਵਿਦਿਆਰਥੀਆਂ ਨੂੰ ਡਿਗਰੀਆਂ ਤੇ ਹੋਣਹਾਰ ਵਿਦਿਆਰਥੀਆਂ ਨੂੰ 24 ਸੋਨੇ ਦੇ ਤਗ਼ਮੇ ਦਿੱਤੇ ਗਏ।
ਰਾਜਪਾਲ ਨੇ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ ਪੇਸ਼ੇਵਰ ਜੀਵਨ ਵਿੱਚ ਹਰ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਪਸ਼ੂ ਪਾਲਣ ਖੇਤਰ ਅਤੇ ਸਮਾਜਿਕ ਜੀਵਨ ਵਿੱਚ ਨਿੱਗਰ ਯੋਗਦਾਨ ਪਾਉਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਸਾਡੇ ਵਿਗਿਆਨੀ ਸਾਲ 2030 ਤੱਕ ਦੁੱਧ ਅਤੇ ਦੁੱਧ ਉਤਪਾਦਾਂ ਦੀ 266.5 ਲੱਖ ਮੀਟ੍ਰਿਕ ਟਨ ਦੀ ਅਨੁਮਾਨਿਤ ਕੌਮੀ ਮੰਗ ਨੂੰ ਪੂਰਾ ਕਰਨ ਲਈ ਇੱਕ ਮਸੌਦਾ ਤਿਆਰ ਕਰਨਗੇ। ’ਵਰਸਿਟੀ ਦੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਇਸ ਮੌਕੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੇ ਚੱਲ ਰਹੇ ਪ੍ਰਾਜੈਕਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨਾਬਾਰਡ ਬੈਂਕ ਦੀ ਵਿੱਤੀ ਸਹਾਇਤਾ ਨਾਲ ਚਲਾਏ ਜਾ ਰਹੇ ‘ਪਸ਼ੂ ਪਾਲਕ ਟੈਲੀ-ਐਡਵਾਈਜ਼ਰੀ ਕੇਂਦਰ’ ਦੀ ਸਥਾਪਨਾ ਬਾਰੇ ਵੀ ਦੱਸਿਆ। ਇਹ ਕੇਂਦਰ ਮੋਬਾਈਲ ਨੰਬਰ 62832-58834 ਤੇ 62832-97917 ਰਾਹੀਂ ਰੋਜ਼ਾਨਾ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਜਵਾਬ ਦੇ ਰਿਹਾ ਹੈ। ਇਸ ਮੌਕੇ ’ਤੇ ਪਸ਼ੂਧਨ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਲਈ ਸੇਵਾ ਮੁਕਤ, ਆਈਏਐੱਸ ਤੇ ਮੈਂਬਰ (ਪ੍ਰਸ਼ਾਸਕੀ) ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ ਤਰੁਣ ਸ੍ਰੀਧਰ ਨੂੰ ਸਨਮਾਨ ਹਿਤ ਪੀਐੱਚਡੀ ਦੀ ਆਨਰੇਰੀ ਡਿਗਰੀ ਵੀ ਦਿੱਤੀ ਗਈ। ਰਜਿਸਟਰਾਰ ਡਾ. ਹਰਮਨਜੀਤ ਸਿੰਘ ਬਾਂਗਾ ਨੇ ਦੱਸਿਆ ਕਿ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਵਾਲੇ 318 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਹਨ। ਇਸ ਦੇ ਨਾਲ ਹੀ ਯੂਨੀਵਰਸਿਟੀ ਪੱਧਰ ’ਤੇ ਆਪੋ ਆਪਣੇ ਖੇਤਰ ਵਿੱਚ ਮਹੱਤਵਪੂਰਨ ਕਾਰਗੁਜ਼ਾਰੀ ਦਰਸਾਉਣ ਵਾਲੇ ਅਕਾਦਮਿਕ ਸੈਸ਼ਨਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ 24 ਸੋਨੇ ਦੇ ਤਗ਼ਮੇ ਵੀ ਦਿੱਤੇ ਗਏ। ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ, ਯੂਨੀਵਰਸਿਟੀ ਅਧਿਕਾਰੀਆਂ, ਮੋਹਤਬਰ ਸ਼ਖ਼ਸੀਅਤਾਂ ਅਤੇ ਅਧਿਆਪਕਾਂ ਨੇ ਭਰਵੇਂ ਰੂਪ ਵਿੱਚ ਸ਼ਮੂਲੀਅਤ ਕੀਤੀ।