ਸਤਵਿੰਦਰ ਬਸਰਾ
ਲੁਧਿਆਣਾ, 11 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਹੋਈ ਹੈ। ਲੁਧਿਆਣਾ ਦੇ ਹਲਕਾ ਪੂਰਬੀ ਵਿੱਚੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਲਈ ਇਹ ਜਿੱਤ ਚੁਣੌਤੀਆਂ ਤੋਂ ਘੱਟ ਨਹੀਂ ਹੋਵੇਗੀ। ਹਲਕੇ ਵਿੱਚ ਡਾਇੰਗਾਂ/ਉਦਯੋਗਿਕ ਇਕਾਈਆਂ ਰਾਹੀਂ ਬੁੱਢੇ ਨਾਲੇ ਵਿੱਚ ਸੁੱਟਿਆ ਜਾ ਰਿਹਾ ਜ਼ਹਿਰੀਲਾ ਪਾਣੀ ਰੋਕਣਾ ਵੱਡੀ ਚੁਣੌਤੀ ਹੋਵੇਗਾ।
ਸਾਬਕਾ ਕਾਂਗਰਸੀ ਵਿਧਾਇਕ ਸੰਜੇ ਤਲਵਾੜ ਨੇ ਹਲਕੇ ਵਿੱਚ ਕਈ ਨਵੇਂ ਪ੍ਰਾਜੈਕਟ ਲਿਆਂਦੇ ਜਿਨ੍ਹਾਂ ’ਚ ਸਰਕਾਰੀ ਕਾਲਜ, ਸਰਕਾਰੀ ਸਕੂਲ ਆਦਿ ਸ਼ਾਮਲ ਹਨ। ਇਹ ਦੋਵੇਂ ਇਮਾਰਤਾਂ ਅਜੇ ਵੀ ਉਸਾਰੀ ਅਧੀਨ ਹਨ। ਪਰ ਡਾਇੰਗਾਂ/ਸਨਅਤੀ ਇਕਾਈਆਂ ਰਾਹੀਂ ਬੁੱਢੇ ਨਾਲੇ ਵਿੱਚ ਸੁੱਟੇ ਜਾਂਦੇ ਤੇਜ਼ਾਬੀ ਪਾਣੀ ਨੂੰ ਰੋਕਣ ਵਿੱਚ ਉਹ ਵੀ ਕਥਿਤ ਤੌਰ ’ਤੇ ਆਪਣੀ ਪਾਰਟੀ ਦੇ ਹੀ ਕਈ ਉਮੀਦਵਾਰਾਂ ਵੱਲੋਂ ਵਿਰੋਧ ਕਰਨ ਕਰ ਕੇ ਅਸਮਰਥ ਰਹੇ। ਤਾਜਪੁਰ ਰੋਡ ’ਤੇ ਬਣੀਆਂ ਡੇਅਰੀਆਂ ਵਿੱਚੋਂ ਨਿਕਲਦੀ ਰਹਿੰਦ-ਖੂੰਹਦ ਵੀ ਬੁੱਢੇ ਨਾਲੇ ਦੇ ਪਾਣੀ ਨੂੰ ਪਲੀਤ ਕਰ ਰਹੀ ਹੈ। ਹੁਣ ਇਸ ਹਲਕੇ ਵਿੱਚ ‘ਆਪ’ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਜੇਤੂ ਹੋਣ ਨਾਲ ਉਮੀਦ ਜਾਗੀ ਹੈ ਕਿ ਬੁੱਢੇ ਦਾ ਪਾਣੀ ਦੁਬਾਰਾ ਤੋਂ ਸਾਫ-ਸੁਥਰਾ ਹੋ ਜਾਵੇਗਾ।
ਵਾਤਾਵਰਨ ਪ੍ਰੇਮੀ ਇੰਜਨੀਅਰ ਜਸਕੀਰਤ ਸਿੰਘ ਨੇ ਦੱਸਿਆ ਕਿ ਇਹ ਬੁੱਢਾ ਨਾਲਾ ਧਨਾਨਸੂ ਨੇੜੇ ਸਾਫ ਹੈ ਪਰ ਜਦੋਂ ਲੁਧਿਆਣਾ ਵਿੱਚੋਂ ਦੀ ਹੋ ਕੇ ਲੰਘਦਾ ਹੈ ਤਾਂ ਇਹੋ ਪਾਣੀ ਪ੍ਰਦੂਸ਼ਿਤ ਹੋ ਕਿ ਕਾਲਾ ਹੋ ਜਾਂਦਾ ਹੈ। ਅੱਗੋਂ ਇਹ ਪਾਣੀ ਸਤਲੁਜ ਰਾਹੀਂ ਰਾਜਸਥਾਨ ਤੱਕ ਪਹੁੰਚ ਜਾਂਦਾ ਹੈ। ਜਿੱਥੋਂ ਦੇ ਲੋਕ ਇਸ ਪਾਣੀ ਨੂੰ ਪੀਣ ਲਈ ਵਰਤਦੇ ਹਨ। ਇਹੋ ਵਜ੍ਹਾ ਹੈ ਕਿ ਸਤਲੁਜ ਅਤੇ ਬੁੱਢੇ ਨਾਲੇ ਦੇ ਨੇੜੇ ਦੇ ਇਲਾਕਿਆਂ ਵਿੱਚ ਰਹਿੰਦੇ ਬਹੁਤੇ ਲੋਕ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਕਰਨ ਦੇ ਉਪਰਾਲੇ ਲਈ ਉਹ ਕਈ ਸੈਮੀਨਾਰ, ਜਾਗਰੂਕਤਾ ਰੈਲੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖ਼ਤੀ ਪੱਤਰ ਵੀ ਦੇ ਚੁੱਕੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪੰਜਾਬ ਵਿੱਚ ਆਉਣ ਵਾਲੀ ਨਵੀਂ ਸਰਕਾਰ ਵਾਤਾਵਰਨ ਨੂੰ ਪ੍ਰਦੂਸ਼ਿਤ ਰਹਿਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।