ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 14 ਜੂਨ
ਇੱਥੇ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ। ਟਕਸਾਲੀ ਕਾਂਰਗਸੀ ਆਗੂ ਤੇ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਆਪਣੇ ਪੰਜ ਹੋਰ ਕਾਂਗਰਸੀ ਕੌਂਸਲਰਾਂ ਨਾਲ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਪ੍ਰਧਾਨ ਪੱਪੂ 1992 ਤੋਂ ਲਗਾਤਾਰ ਕੌਂਸਲਰ ਬਣਦੇ ਆ ਰਹੇ ਹਨ। ਇਸ ਵਾਰ ਵੀ ਉਹ ਵੱਡੇ ਫ਼ਰਕ ਨਾਲ ਜਿੱਤੇ ਸਨ ਤੇ ਉਨ੍ਹਾਂ ਦੀ ਪਤਨੀ ਪ੍ਰੀਆ ਸ਼ਰਮਾ ਵੀ ਕੌਂਸਲਰ ਬਣੀ ਸੀ। ਜ਼ਿਕਰਯੋਗ ਹੈ ਕਿ ਸੁਦਰਸ਼ਨ ਸ਼ਰਮਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਦੇ ਕਰੀਬੀ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਤੇਜ ਪ੍ਰਕਾਸ਼ ਸਿੰਘ, ਗੁਰਕੀਰਤ ਸਿਘ ਕੋਟਲੀ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਤੇ ਵਿਸ਼ਵਾਸਪਾਤਰ ਸਨ।
ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਦੀ ਹਾਜ਼ਰੀ ਵਿਚ ਪ੍ਰਧਾਨ ਸੁਦਰਸ਼ਨ ਸ਼ਰਮਾ ਸਣੇ ਕਾਂਗਰਸੀ ਕੌਂਸਲਰ ਕੁਲਵੰਤ ਸਿੰਘ ਕਾਲੂ, ਪ੍ਰੀਆ ਸ਼ਰਮਾ, ਦਲਜੀਤ ਕੌਰ, ਰੁਚੀ ਬੈਕਟਰ ਤੇ ਬਲਾਕ ਦੋਰਾਹਾ ਕਾਂਗਰਸ ਦੇ ਪ੍ਰਧਾਨ ਬੌਬੀ ਤਿਵਾੜੀ ਨੇ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ‘ਆਪ’ ਦਾ ਪੱਲਾ ਫੜਿਆ ਹੈ। ਇਸ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦੋਰਾਹਾ ਦੇ ਕੁੱਲ 15 ਵਾਰਡਾਂ ਵਿੱਚੋਂ 12 ’ਤੇ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਹੋਈ ਸੀ ਤੇ ਦੋਰਾਹਾ ਮੁੱਢੋਂ ਹੀ ਕਾਂਗਰਸ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਇਸ ਵਾਰ ਕਾਂਗਰਸ ਦੇ ਅੰਦਰਖਾਤੇ ਚੱਲ ਰਹੇ ਕਾਟੋ-ਕਲੇਸ਼ ਕਾਰਨ ਇਕ ਧੜਾ ਜਿਸ ਦੀ ਅਗਵਾਈ ਬੰਤ ਸਿੰਘ ਦੋਬੁਰਜੀ ਕਰ ਰਹੇ ਸਨ, ਉਹ ਪ੍ਰਧਾਨ ਪੱਪੂ ਨੂੰ ਅਹੁਦੇ ਤੋਂ ਹਟਾਉਣ ਲਈ ਯਤਨਸ਼ੀਲ ਸਨ ਪਰ ਪਿਛਲੇ ਦਿਨੀਂ ਹੋਈ ਮੀਟਿੰਗ ਵਿਚ ਉਹ ਪੱਪੂ ਨੂੰ ਹਟਾਉਣ ਲਈ ਬਹੁਮਤ ਪ੍ਰਾਪਤ ਨਹੀਂ ਕਰ ਸਕੇ। ਇਸੇ ਦੌਰਾਨ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਉਹ ਪ੍ਰਧਾਨ ਪੱਪੂ ਨਾਲ ਖੜ੍ਹੇ ਹਨ ਅਤੇ ਦੋਰਾਹਾ ਦੇ ਵਿਕਾਸ ਕੰਮਾਂ ਵਿਚ ਪੂਰੀ ਤੇਜ਼ ਲਿਆਂਦੀ ਜਾਵੇਗੀ।