ਗੁਰਿੰਦਰ ਸਿੰਘ
ਲੁਧਿਆਣਾ, 14 ਜਨਵਰੀ
ਮਾਘੀ ਦਿਹਾੜੇ ਦੇ ਸਬੰਧ ਵਿੱਚ ਵੱਖ-ਵੱਖ ਗੁਰੂਘਰਾਂ ਵਿੱਚ ਗੁਰਮਤਿ ਸਮਾਗਮ ਹੋਏ ਜਿਨ੍ਹਾਂ ਵਿੱਚ ਸੰਗਤ ਨੇ ਵਧ ਚੜ੍ਹ ਕੇ ਸ਼ਮੂਲੀਅਤ ਕਰਦਿਆਂ ਨਾਮ ਬਾਣੀ ਦਾ ਲਾਹਾ ਖੱਟਿਆ। ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਹੋਏ ਸਮਾਗਮ ਦੌਰਾਨ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਆਸਾ ਦੀ ਵਾਰ ਅਤੇ ਬਸੰਤ ਕੀ ਵਾਰ ਦੇ ਕੀਰਤਨ ਕੀਤੇ। ਉਪਰੰਤ ਜਵੱਦੀ ਟਕਸਾਲ ਦੇ ਮੁਖੀ ਸ਼੍ਰੋਮਣੀ ਸਿੱਖ ਪ੍ਰਚਾਰਕ ਬਾਬਾ ਅਮੀਰ ਸਿੰਘ ਨੇ ਸੰਗਤਾਂ ਨੂੰ ਮਾਘ ਮਹੀਨੇ ਦੇ ਸ਼ਬਦ ਦੀ ਵੀਚਾਰ ਨਾਲ ਜੋੜਿਆ।
ਗੁਰਦੁਆਰਾ ਸ਼ਹੀਦਾਂ ਵਿੱਚ ਹੋਏ ਸਮਾਗਮ ਦੌਰਾਨ ਹਜ਼ੂਰੀ ਰਾਗੀ ਜਥਿਆਂ ਭਾਈ ਗੁਰਦੀਪ ਸਿੰਘ ਜੈਪੁਰ, ਭਾਈ ਹਰਪ੍ਰੀਤ ਸਿੰਘ ਖਾਲਸਾ, ਭਾਈ ਲਵਪ੍ਰੀਤ ਸਿੰਘ ਭੰਗੂ, ਭਾਈ ਜਸਵੀਰ ਸਿੰਘ ਖਾਲਸਾ, ਭਾਈ ਕਰਮਜੀਤ ਸਿੰਘ ਮਾਡਲ ਟਊਨ, ਭਾਈ ਗੁਰਮੇਲ ਸਿੰਘ ਮਾਡਲ ਹਾਊਸ, ਰਿਸ਼ੀ ਨਗਰ ਦੀਆਂ ਬੱਚੀਆਂ, ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ, ਕਥਾ ਵਾਚਕ ਭਾਈ ਅਮਨਪ੍ਰੀਤ ਸਿੰਘ ਨੇ ਕੀਰਤਨ, ਕਥਾ ਵਿਚਾਰ ਅਤੇ ਗੁਰਇਤਿਹਾਸ ਸੁਣਾ ਨਿਆਲ ਕੀਤਾ। ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਰਾਗੀ ਜਥਿਆਂ ਨੂੰ ਸਿਰਪਾਉ ਭੇਟ ਕੀਤੇ।
ਸਾਲਾਨਾ ਧਾਰਮਿਕ ਸਮਾਗਮ
ਸਮਰਾਲਾ(ਪੱਤਰ ਪ੍ਰੇਰਕ): ਗੁਰੂ ਹਰਗੋਬਿੰਦ ਸਿੰਘ ਜੀ ਦੇ ਚਰਨ ਛੋਅ ਪ੍ਰਾਪਤ ਧਰਤੀ ਪਿੰਡ ਬਲਾਲਾ ਵਿੱਚ ਗੁਰਦੁਆਰਾ ਬਾਬਾ ਹਸਤਲਾਲ ਦੇ ਦੂਜੇ ਦਿਨ ਹਜ਼ਾਰਾਂ ਦੀ ਤਦਾਤ ਵਿੱਚ ਹਾਜ਼ਰ ਸੰਗਤ ਗੁੜ ਦੀਆਂ ਭੇਲੀਆਂ ਚਾੜ੍ਹ ਕੇ ਨਤਮਸਤਕ ਹੋਈਆਂ। ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਬਾਬਾ ਹਸਤਲਾਲ ਨੇ ਆਪਣਾ ਜੀਵਨ ਕਿਰਤ ਕਰਨ , ਨਾਮ ਜਪਣ ਅਤੇ ਸੰਗਤਾਂ ਦੀ ਸੇਵਾ ਨੂੰ ਸਮਰਪਿਤ ਕੀਤਾ ਜਿਨਾਂ ਵਲੋਂ ਕੀਤੀ ਗਈ ਤਪੱਸਿਆ ਦੀ ਬਦੌਲਤ ਇਹ ਸਥਾਨ ਅੱਜ ਇਤਿਹਾਸਕ ਸਥਾਨ ਬਣ ਗਿਆ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਪਾਇਲ(ਪੱਤਰ ਪ੍ਰੇਰਕ): ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦਟ ਅਦਭੁੱਤ ਕੁਦਰਤੀ ਵਾਤਾਵਰਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਅਤੇ ਸੰਤ ਦਰਸ਼ਨ ਸਿੰਘ ਖਾਲਸਾ ਦੀ ਦੇਖ-ਰੇਖ ਹੇਠ ਹੋਏ ਧਾਰਮਿਕ ਸਮਾਗਮ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਗੁਰਮਤਿ ਸਮਾਗਮ ’ਚ ਢੱਕੀ ਸਾਹਿਬ ਟਕਸਾਲ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਸ਼ਬਦ ਗਾਏ ।
ਮਾਘੀ ਦੀ ਸਗਰਾਂਦ ਮੌਕੇ ਲੰਗਰ ਲਗਾਇਆ
ਰਾਏਕੋਟ(ਰਾਮ ਗੋਪਾਲ ਰਾਏਕੋਟੀ): ਪ੍ਰਧਾਨ ਗਰੁੱਪ ਵਲੋਂ ਮਾਘੀ ਦੀ ਸਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਹਰ ਸਾਲ ਦੀ ਤਰ੍ਹਾਂ ਸਵ. ਸਾਬਕਾ ਵਿਧਾਇਕ ਹਰਮੋਹਿੰਦਰ ਸਿੰਘ ਪ੍ਰਧਾਨ ਦੀ ਯਾਦ ’ਚ ਉਨ੍ਹਾਂ ਦੇ ਛੋਟੇ ਭਰਾ ਡਾ. ਟੀ.ਪੀ. ਸਿੰਘ ਦੀ ਅਗਵਾਈ ’ਚ ਛੋਲੇ, ਪੂਰੀਆਂ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਸ ਸਬੰਧੀ ਡਾ. ਟੀ.ਪੀ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ।