ਪੱਤਰ ਪ੍ਰੇਰਕ
ਸਮਰਾਲਾ, 12 ਅਪਰੈਲ
ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ (ਝੂਲੇ ਲਾਲ) ਦੀ ਯਾਦ ਵਿੱਚ 22ਵਾਂ ਸਾਲਾਨਾ ਵਿਸਾਖੀ ਮੇਲਾ ਅਤੇ ਭੰਡਾਰਾ ਸੰਤ ਬਾਬਾ ਮਨਜੋਤ ਸਿੰਘ ਗਰੇਵਾਲ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ’ਤੇ ਮਨਾਇਆ ਗਿਆ। ਮੇਲੇ ਦੀ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਚਾਦਰ ਦੀ ਰਸਮ, ਰਸਮ ਸ੍ਰੀ ਨਿਸ਼ਾਨ ਸਾਹਿਬ ਸਵੇਰੇ ਮੌਕੇ ਕਰਵਾਈ ਗਈ। ਇਸ ਉਪਰੰਤ ਮੇਲੇ ਦੀ ਸ਼ੁਰੂਆਤ ਪੰਜਾਬ ਦੇ ਮਸ਼ਹੂਰ ਗਾਇਕ ਸੁਖਵਿੰਦਰ ਟੀਟੂ ਨੇ ਧਾਰਮਿਕ ਗੀਤ ਨਾਲ ਕੀਤੀ। ਬਾਬਾ ਮਨਜੋਤ ਸਿੰਘ ਗਰੇਵਾਲ ਵੱਲੋਂ ਪੱਗ ਦੀ ਰਸਮ ਕੀਤੀ ਗਈ ਅਤੇ ਪੱਗੜੀ ਬੰਨ੍ਹ ਨੇ ਪੱਗੜੀ ਨਸ਼ੀਨ ਗਾਇਕ ਦੀ ਉਪਾਧੀ ਦਿੱਤੀ। ਗੁਰਕੀਰਤ ਰਾਏ ਨੇ ‘ਜੁਗਨੀ’, ‘ਅੱਲਾ ਹੂ’ ਅਤੇ ‘ਦਮਾ ਦਮ ਮਸਤ ਕਲੰਦਰ’ ਗਾ ਆਪਣੀ ਹਾਜਰੀ ਲਵਾਈ। ਇਸ ਉਪਰੰਤ ਜਨਾਬ ਸਾਜਨ ਅਲੀ ਕਵਾਲ ਐਂਡ ਪਾਰਟੀ ਨੇ ਕਵਾਲੀਆਂ ਰਾਹੀਂ ਬਾਬਾ ਜੀ ਦਾ ਗੁਣਗਾਣ ਕੀਤਾ। ਇਸ ਸਮੁੱਚੇ ਪ੍ਰੋਗਰਾਮ ਲਈ ਸੁਰਿੰਦਰ ਬੱਬੂ ਘੁੰਗਰਾਲੀ ਸਿੱਖਾਂ ਵੱਲੋਂ ਮਿਊਜ਼ਿਕ ਦਿੱਤਾ ਗਿਆ। ਸ਼ਾਮ ਵੇਲੇ ਖਵਾਜਾ ਖਿੱਜਰ ਵਲੀ ਦੇ ਦਰਬਾਰ ’ਤੇ ਪਵਿੱਤਰ ਚਾਦਰ ਦੀ ਰਸਮ ਅਤੇ ਪਵਿੱਤਰ ਬੇੜਾ ਤਾਰਨ ਦੀ ਰਸਮ ਵੀ ਕੀਤੀ ਗਈ। ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਰਪਾਲ ਸਿੰਘ ਪੰਜੇਟਾ ਰਿਟਾ: ਨਾਇਬ ਤਹਿਸੀਲਦਾਰ, ਸੁਰਜੀਤ ਸਿੰਘ ਐੱਸਐੱਚਓ ਸਮਰਾਲਾ, ਸੁਖਵੀਰ ਸਿੰਘ ਪੱਪੀ ਚੇਅਰਮੈਨ ਮਾਰਕੀਟ ਕਮੇਟੀ ਨੇ ਸ਼ਿਰਕਤ ਕੀਤੀ।