ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਜੂਨ
ਭਾਈ ਹਿੰਮਤ ਸਿੰਘ ਨਗਰ ਇਲਾਕੇ ਦੇ ਸਰਪੰਚ ਇੰਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣ ਗਏ ਹਨ। ਇਸ ਇਲਾਕੇ ’ਚ ਸੜਕ ਬਣਵਾਉਣ ਲਈ ਪਹਿਲਾਂ ਸਰਪੰਚ ਵੱਲੋਂ ਹਰ ਘਰ ਤੋਂ 1500 ਰੁਪਏ ਮੰਗੇ ਜਾ ਰਹੇ ਹਨ। ਅਜਿਹਾ ਨਾ ਹੋਣ ’ਤੇ ਸੜਨ ਨਾ ਬਣਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਸੇਵ ਲਾਈਫ਼ ਸਮਾਜ ਸੇਵੀ ਸੰਸਥਾ ਨੇ ਸ਼ੁੱਕਰਵਾਰ ਨੂੰ ਡੀਸੀ ਵਰਿੰਦਰ ਸ਼ਰਮਾ ਨੂੰ ਸ਼ਿਕਾਇਤ ਦੇ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਡੀਸੀ ਵਰਿੰਦਰ ਸ਼ਰਮਾ ਨੇ ਜਾਂਚ ਕਰ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਸੰਸਥਾ ਪ੍ਰਧਾਨ ਅਮਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਕਾ ਸ਼ਹਿਰ ਦੇ ਬਾਹਰ ਹੈ, ਉਨ੍ਹਾਂ ਦੇ ਇਲਾਕੇ ’ਚ ਸੜਕ ਬਣਵਾਉਣ ਦਾ ਕੰਮ ਚੱਲ ਰਿਹਾ ਹੈ। ਇਹ ਸਾਰਾ ਕੰਮ ਮਨਰੇਗਾ ਸਕੀਮ ਤਹਿਤ ਹੋ ਰਿਹਾ ਹੈ। ਇੱਥੇ ਤੱਕ ਕਿ ਸਰਪੰਚ ਹਰ ਘਰ ਤੋਂ 1500 ਰੁਪਏ ਮੰਗ ਰਿਹਾ ਹੈ ਅਤੇ ਜੇ ਕੋਈ ਪੈਸੇ ਦੇਣ ਤੋਂ ਮਨ੍ਹਾਂ ਕਰਦਾ ਹੈ ਤਾਂ ਉਨ੍ਹਾਂ ਦੀ ਸੜਕ ਨਾ ਬਣਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਨੇ ਪਹਿਲਾਂ ਏਡੀਸੀ ਕੋਲ ਸ਼ਿਕਾਇਤ ਕੀਤੀ ਸੀ, ਪੈਸੇ ਮੰਗਣ ਦੇ ਸਬੂਤ ਵੀ ਦਿੱਤੇ ਸਨ, ਪਰ ਕੋਈ ਕਾਰਵਾਈ ਨਾ ਹੋਈ। ਇਸ ਕਾਰਨ ਹੁਣ ਉਨ੍ਹਾਂ ਦੇ ਘਰ ਦੇ ਅੱਗੇ ਦੀ ਸੜਕ ਨਹੀਂ ਬਣਵਾਈ ਜਾ ਰਹੀ। ਸ਼ੁੱਕਰਵਾਰ ਨੂੰ ਉਹ ਡੀਸੀ ਵਰਿੰਦਰ ਸ਼ਰਮਾ ਨੂੰ ਪੈਸੇ ਮੰਗਣ ਦੇ ਪੂਰੇ ਸਬੂਤ ਦੇ ਕੇ ਤੁਰੰਤ ਸਰਪੰਚ ਨੂੰ ਮੁਅੱਤਲ ਕਰਨ ਦੀ ਮੰਗ ਕਰਕੇ ਆਏ ਹਨ।