ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਮਈ
ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਨੇ ਵਾਰਡ ਨੰਬਰ 14 ਵਿੱਚ ਤਾਜਪੁਰ ਰੋਡ ’ਤੇ ਡੇਅਰੀ ਕੰਪਲੈਕਸ ਵਿੱਚ ਬਣਾਏ ਜਾਣ ਵਾਲੇ ਨਵੇਂ ਫਾਇਰ ਸਟੇਸ਼ਨ ਅਤੇ ਨਵੇਂ ਕਮਿਊਨਿਟੀ ਸੈਂਟਰ ਦੇ ਸਬੰਧ ਵਿੱਚ ਅੱਜ ਨਗਰ ਸੁਧਾਰ ਟਰੱਸ਼ਟ ਦੇ ਦਫ਼ਤਰ ਵਿੱਚ ਡਿਜ਼ਾਈਨ ਮੁਕਾਬਲਾ ਕਰਵਾਇਆ। ਵੱਖ-ਵੱਖ ਆਰਕੀਟੈਕਟਾਂ ਵੱਲੋਂ ਮੁਕਾਬਲੇ ਵਿੱਚ ਨਵੇਂ ਫਾਇਰ ਸਟੇਸ਼ਨ ਤੇ ਕਮਿਊਨਿਟੀ ਸੈਂਟਰ ਨੂੰ ਬਣਾਉਣ ਦੇ ਡਿਜ਼ਾਈਨ ਪੇਸ਼ ਕੀਤੇ ਗਏ। ਜਿਨ੍ਹਾਂ ਨੂੰ ਨਗਰ ਸੁਧਾਰ ਟਰੱਸ਼ਟ ਦੇ ਚੇਅਰਮੈਨ ਰਮਨ ਬਾਲਾ ਵੱਲੋਂ ਬਣਾਈ ਗਈ ਡਿਜ਼ਾਈਨ ਕੰਪੀਟਿਸ਼ਨ ਕਮੇਟੀ ਨੇ ਚੈੱਕ ਕਰਕੇ ਚੇਅਰਮੈਨ ਨਗਰ ਸੁਧਾਰ ਟਰੱਸ਼ਟ ਅਤੇ ਵਿਧਾਇਕ ਸੰਜੇ ਤਲਵਾੜ ਦੇ ਨਾਲ ਵਿਚਾਰ ਵਟਾਦਰਾ ਕਰਨ ਤੋਂ ਬਾਅਦ ਮੰਨਜ਼ੂਰੀ ਦਿੱਤੀ। ਇਸ ਮੌਕੇ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਵਾਰਡ ਨੰਬਰ 14 ਵਿੱਚ ਤਾਜਪੁਰ ਰੋਡ ’ਤੇ ਬਣਾਏ ਜਾਣ ਵਾਲੇ ਨਵੇਂ ਫਾਇਰ ਸਟੇਸ਼ਨ ਨੂੰ ਲਗਪਗ 2 ਕਰੋੜ ਰੁਪਏ ਦੀ ਲਾਗਤ ਨਾਲ 650 ਗਜ ਥਾਂ ਵਿੱਚ ਬਣਾਇਆ ਜਾਵੇਗਾ। ਇਸ ਫਾਇਰ ਸਟੇਸ਼ਨ ’ਚ ਕਰੀਬ 40 ਹਜ਼ਾਰ ਲਿਟਰ ਦੀ ਸਮਰੱਥਾ ਵਾਲਾ ਅੰਡਰਗਰਾਊਂਡ ਪਾਣੀ ਦਾ ਟੈਂਕਰ, ਗੱਡੀਆਂ ਖੜ੍ਹੀਆਂ ਕਰਨ ਲਈ ਪਾਰਕਿੰਗ, ਸਟਾਫ ਰੂਮ, ਹੈੱਡ ਫਾਇਰ ਅਫ਼ਸਰ ਰੂਮ, ਸਟੋਰ, ਚੇਂਜਿੰਗ ਰੂਮ, ਗੁਸਲਖਾਨਾ, ਰਿਸੈਪਸ਼ਨ, ਨਾਈਟ ਸਰਵਿਸ ਸਟਾਫ ਲਈ ਰੈਸਟ ਰੂਮ, ਚੌਕੀਦਾਰ ਰੂਮ, ਪਹਿਲੀ ਮਜ਼ਿਲ ’ਤੇ ਬੈੱਡਰੂਮ ਸੈੱਟ ਬਣਾਇਆ ਜਾਵੇਗਾ। ਫਾਇਰ ਸਟੇਸ਼ਨ ਬਣਾਉਣ ਦੀ ਮੰਗ ਵਪਾਰੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ, ਕਿਉਂਕਿ ਤਾਜਪੁਰ ਰੋਡ ਅਤੇ ਇਸ ਦੇ ਆਲੇ-ਦੁਆਲੇ ਪੈਂਦੇ ਮੁਹੱਲਿਆ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਕਮਰਸ਼ੀਅਲ ਇਮਾਰਤਾਂ ਬਣੀਆਂ ਹੋਇਆ ਹਨ। ਇਨ੍ਹਾਂ ਇਲਾਕਿਆ ਵਿੱਚ ਹੌਜ਼ਰੀ ਅਤੇ ਧਾਗੇ ਨਾਲ ਸਬੰਧਤ ਜ਼ਿਆਦਾ ਕਮਰਸ਼ੀਅਲ ਕਾਰੋਬਾਰ ਹੁੰਦਾ ਹੈ। ਇਸ ਤੋਂ ਇਲਾਵਾ ਵਾਰਡ ਨੰਬਰ-14 ਵਿੱਚ ਤਾਜਪੁਰ ਰੋਡ ’ਤੇ ਬਣਾਏ ਜਾਣ ਵਾਲੇ ਕਮਿਊਨਿਟੀ ਸੈਂਟਰ ਨੂੰ ਬਣਾਉਣ ’ਤੇ ਢਾਈ ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਕਮਿਊਨਿਟੀ ਸੈਂਟਰ ਇੱਕ ਏਕੜ ਥਾਂ ਵਿੱਚ ਬਣੇਗਾ। ਇਸ ਕਮਿਉਨਿਟੀ ਸੈਂਟਰ ਵਿੱਚ 100 ਵਿਅਕਤੀਆਂ ਲਈ ਹਾਲ, ਪਾਰਕਿੰਗ, ਰਸੋਈ, ਬਾਥਰੂਮ ਸੈੱਟ, ਚਾਰ ਕਮਰੇ, ਦੋ ਓਪਨ ਗ੍ਰੀਨ ਮੈਰਿੱਜ ਲਾਅਨ ਬਣਾਏ ਜਾਣਗੇ। ਇਸ ਕਮਿਊਨਿਟੀ ਸੈਂਟਰ ਨੂੰ ਬਣਾਉਣ ਦੀ ਮੰਗ ਤਾਜਪੁਰ ਰੋਡ ਅਤੇ ਟਿੱਬਾ ਰੋਡ ਦੇ ਵੱਖ-ਵੱਖ ਮੁੱਹਲਿਆਂ ਦੇ ਵਸਨੀਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ। ਆਲੇ-ਦੁਆਲੇ ਪੈਂਦੇ ਲਗਪਗ 30 ਮੁੱਹਲਿਆਂ ਵਿੱਚ ਲੋਕਾਂ ਕੋਲ ਦੁੱਖ-ਸੁੱਖ ਸਾਝਾਂ ਕਰਨ ਲਈ ਕੋਈ ਧਰਮਸ਼ਾਲਾ ਜਾਂ ਕਮਿਊਨਿਟੀ ਸੈਂਟਰ ਨਹੀਂ ਸੀ। ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਇਸ ਥਾਂ ’ਤੇ ਕਮਿਊਨਿਟੀ ਸੈਂਟਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।