ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਸਤੰਬਰ
ਲੁਧਿਆਣਾ ਦੇ ਰੋਹਤਕ ਸਥਿਤ ਬਕਸ਼ੀ ਮਾਰਕੀਟ ਦੇ ਵਪਾਰੀਆਂ ਨੇ ਇੰਡਸਟਰੀਅਲ ਏਰੀਆ ਇਲਾਕੇ ’ਚ ਕੱਪੜਾ ਫੈਕਟਰੀ ’ਚੋਂ 12 ਕਰੋੜ ਰੁਪਏ ਦਾ ਕੱਪੜਾ ਲਿਆ। ਜਦੋਂ ਪੈਸੇ ਦੇਣ ਦੀ ਗੱਲ ਆਈ ਤਾਂ ਮੁਲਜ਼ਮਾਂ ਨੇ ਟਾਲ ਮਟੋਲ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਮੁਲਜ਼ਮਾਂ ਨੇ ਸਾਫ਼ ਤੌਰ ’ਤੇ ਮਨ੍ਹਾਂ ਕਰ ਦਿੱਤਾ। ਜਿਸ ਤੋਂ ਬਾਅਦ ਪੀੜਤ ਵਿਅਕਤੀ ਨੇ ਇਸ ਦੀ ਸ਼ਿਕਾਇਤ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ। ਬਾਅਦ ਵਿੱਚ ਥਾਣਾ ਮੋਤੀ ਨਗਰ ਪੁਲੀਸ ਨੇ ਇੰਡਸਟਰੀਅਲ ਏਰੀਏ-ਏ ਦੇ ਰਹਿਣ ਵਾਲੇ ਰਾਜਿੰਦਰ ਬਾਂਸਲ ਦੀ ਸ਼ਿਕਾਇਤ ’ਤੇ ਹਰਿਆਣਾ ਦੇ ਰੋਹਤਕ ਸਥਿਤ ਬਖਸ਼ੀ ਮਾਰਕੀਟ ਕ੍ਰਿਸਨਾ ਸੇਲਜ਼ ਦੇ ਮਾਲਕ ਰਾਕੇਸ਼ ਗੋਇਲ, ਪੰਚਵਟੀ ਫਰਮ ਦੇ ਮਾਲਕ ਰਾਕੇਸ਼ ਅਗਰਵਾਲ ਤੇ ਰਮੇਸ਼ ਐਂਡ ਕੰਪਨੀ ਦੇ ਰਾਘਵ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ। ਪੁਲੀਸ ਮੁਲਜ਼ਮਾਂ ਦੀ ਭਾਲ ’ਚ ਲੱਗੀ ਹੋਈ ਹੈ। ਰਾਜਿੰਦਰ ਬਾਂਸਲ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੀ ਇੰਡਸਟਰੀ ਏਰੀਆ ’ਚ ਕੱਪੜਾ ਫੈਕਟਰੀ ਹੈ। ਰਾਜਿੰਦਰ ਮੁਤਾਬਕ ਉਸ ਨੇ ਮੁਲਜ਼ਮਾਂ ਨੂੰ ਕਰੀਬ 12 ਕਰੋੜ ਰੁਪਏ ਦਾ ਕੱਪੜਾ ਦਿੱਤਾ ਸੀ। ਕਾਫ਼ੀ ਸਮੇਂ ਤੱਕ ਪੈਸੇ ਮੰਗਣ ’ਤੇ ਮੁਲਜ਼ਮਾਂ ਨੇ ਸਾਫ਼ ਤੌਰ ’ਤੇ ਮਨ੍ਹਾਂ ਕਰ ਦਿੱਤਾ। ਰਾਜਿੰਦਰ ਬਾਂਸਲ ਨੇ ਇਸਦੀ ਸ਼ਿਕਾਇਤ ਪੁਲੀਸ ਕਮਿਸ਼ਨਰ ਨੂੰ ਦਿੱਤੀ। ਜਾਂਚ ਅਧਿਕਾਰੀ ਏਐਸਆਈ ਮੇਵਾ ਰਾਮ ਨੇ ਦੱਸਿਆ ਕਿ ਮੁਲਜ਼ਮ ਹਾਲੇ ਗ੍ਰਿਫ਼ਤ ’ਚੋਂ ਬਾਹਰ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।