ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ , 11 ਅਕਤੂਬਰ
ਪੰਜਾਬ ’ਚ ਝੋਨੇ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ ਪਰ ਬੇਗੋਵਾਲ ਦੀ ਦਾਣਾ ਮੰਡੀ ’ਚ ਹਾਲੇ ਪੂਰੀ ਤਰ੍ਹਾਂ ਸਫ਼ਾਈ ਵੀ ਨਹੀਂ ਹੋਈ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਮਾਰਕੀਟ ਕਮੇਟੀ ਅਹਿਮਦਗੜ੍ਹ ਦੇ ਅਧੀਨ ਆਉਂਦੀ ਦਾਣਾ ਮੰਡੀ ਪਿੰਡ ਬੇਗੋਵਾਲ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਇਕ ਪਾਸੇ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਮੰਡੀ ਅੰਦਰ ਝੋਨਾ ਲਾਹਿਆ ਜਾ ਰਿਹਾ ਹੈ ਪਰ ਉਥੇ ਹੀ ਆੜ੍ਹਤੀਆਂ ਦੇ ਕਾਮੇ ਆਪਣੇ ਤੌਰ ਤੇ ਮਾਰਕੀਟ ਕਮੇਟੀ ਦੇ ਕਰਮਚਾਰੀ ਦਾਣਾ ਮੰਡੀ ਦੇ ਫੜ੍ਹ ਨੂੰ ਸਾਫ ਕਰਨ ਵਿਚ ਰੁੱਝੇ ਵਿਖਾਈ ਦਿੱਤੇ। ਅਜਿਹੀ ਹਾਲਤ ’ਚ ਕਿਸਾਨਾਂ ਨੂੰ ਆਉਂਦੇ ਦਿਨਾਂ ’ਚ ਮੰਡੀਆਂ ਦੇ ਫੜ੍ਹਾਂ ’ਚ ਆਪਣੀ ਜਿਣਸ ਲਾਹੁਣ ’ਚ ਮੁਸ਼ਕਲ ਆ ਸਕਦੀ ਹੈ। ਇਸ ਸਬੰਧੀ ਮਾਰਕੀਟ ਕਮੇਟੀ ਅਹਿਮਦਗੜ੍ਹ ਦੇ ਸੈਕਟਰੀ ਨੇ ਆਖਿਆ ਕਿ ਬਰਸਾਤ ਕਾਰਨ ਕੰਮ ਪਛੜ ਗਿਆ ਅਤੇ ਸਫ਼ਾਈ ਕਰਮਚਾਰੀਆਂ ਦਾ ਇੱਕ ਮੈਂਬਰ ਬਿਮਾਰ ਹੋ ਗਿਆ ਸੀ। ਉਹ ਸਵੇਰੇ ਹੀ ਸਫ਼ਾਈ ਕਰਵਾ ਦੇਣਗੇ।
ਚੇਅਰਮੈਨ ਅਟਵਾਲ ਵੱਲੋਂ ਅਨਾਜ ਮੰਡੀਆਂ ਦਾ ਦੌਰਾ
ਮਾਛੀਵਾੜਾ (ਪੱਤਰ ਪ੍ਰੇਰਕ): ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਦਲਜੀਤ ਸਿੰਘ ਅਟਵਾਲ ਵੱਲੋਂ ਅੱਜ ਹਲਕੇ ਦੀਆਂ ਅਨਾਜ ਮੰਡੀਆਂ ਜਿਸ ’ਚ ਕੂੰਮਕਲਾਂ, ਕਟਾਣੀ, ਸਾਹਨੇਵਾਲ ਦਾ ਦੌਰਾ ਕਰ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਚੇਅਰਮੈਨ ਅਟਵਾਲ ਨੇ ਕਿਸਾਨਾਂ ਨੂੰ ਸੁੱਕਾ ਝੋਨਾ ਹੀ ਮੰਡੀਆਂ ’ਚ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੰਡੀਆਂ ’ਚ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।