ਗਗਨਦੀਪ ਅਰੋੜਾ
ਲੁਧਿਆਣਾ, 14 ਫਰਵਰੀ
ਹਲਕਾ ਪੂਰਬੀ ’ਚ ਚਾਰ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਦਾ ਦਾਅਵਾ ਹੀ ਕਾਂਗਰਸ ਦੀ ਰਾਹ ਮੁਸ਼ਕਲ ਕਰ ਸਕਦਾ ਹੈ, ਜੇ ਹਲਕੇ ’ਚ ਨਜ਼ਰ ਮਾਰੀ ਜਾਵੇ ਤਾਂ ਹਲਕੇ ਦੇ ਕਈ ਇਲਾਕੇ ਅਜਿਹੇ ਹਨ, ਜਿੱਥੇ ਹਾਲਾਤ ਕਾਫ਼ੀ ਮਾੜੇ ਹਾਲਾਤ ਹਨ। ਪਰ ਦਾਅਵਾ ਚਾਰ ਹਜ਼ਾਰ ਕਰੋੜ ਦਾ ਹੈ। ਕਾਂਗਰਸੀ ਵਿਧਾਇਕ ਸੰਜੈ ਤਲਵਾੜ ਇਲਾਕੇ ’ਚ ਲੋਕਾਂ ਨੂੰ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਇਲਾਕੇ ਦੇ ਵਿਕਾਸ ’ਚ ਕੋਈ ਕਮੀ ਨਹੀਂ ਛੱਡੀ। ਇਕ ਸਰਕਾਰੀ ਕਾਲਜ, ਈਸਟਰਨ ਕਲੱਬ, ਆਡੀਟੋਰੀਅਮ, ਸਰਕਾਰੀ ਸਕੂਲ, ਪ੍ਰਦਰਸ਼ਨੀ ਸੈਂਟਰ ਦੇ ਨਾਲ ਨਾਲ ਹੋਰ ਕਈ ਪ੍ਰਾਜੈਕਟ ਲਿਆਉਣ ਦਾ ਦਾਅਵਾ ਕਰ ਰਹੇ ਹਨ। ਪਰ ਸਰਕਾਰੀ ਕਾਲਜ ਤੋਂ ਇਲਾਵਾ ਕਿਸੇ ਪ੍ਰਾਜੈਕਟ ’ਤੇ ਕੰਮ ਨਹੀਂ ਚੱਲ ਰਿਹਾ। ਬਾਕੀ ਪ੍ਰਾਜੈਕਟਾਂ ਦੇ ਰੱਖੇ ਹੋਏ ਨੀਂਹ ਪੱਥਰ ਵੀ ਹਟਾ ਦਿੱਤੇ ਗਏ ਹਨ।
ਇਹੀ ਨਹੀਂ ਪਾਰਟੀ ਨੂੰ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਕੇ ਚੋਣ ਮੈਦਾਨ ’ਚ ਉਤਰੇ ਦਲਜੀਤ ਸਿੰਘ ਭੋਲਾ ਗਰੇਵਾਲ ਸਖ਼ਤ ਟੱਕਰ ਦੇ ਰਹੇ ਹਨ। ਇਸ ਦੇ ਨਾਲ ਨਾਲ ਇਸ ਸੀਟ ’ਤੇ ਸੰਜੈ ਤਲਵਾੜ ਲਈ ਉਸ ਸਮੇਂ ਨਵੀਂ ਮੁਸੀਬਤ ਬਣ ਗਈ, ਜਦੋਂ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਵੱਲੋਂ ਪੁਰਾਣੇ ਦਿੱਗਜ਼ ਆਗੂ ਜਗਮੋਹਨ ਸ਼ਰਮਾ ਨੂੰ ਚੋਣ ਮੈਦਾਨ ’ਚ ਉਤਾਰ ਦਿੱਤਾ।
ਪਹਿਲਾਂ ਇਹ ਸੀਟ ਲੁਧਿਆਣਾ ਦਿਹਾਤੀ ’ਚ ਹੁੰਦੀ ਸੀ ਤੇ 2002 ’ਚ ਇਸ ਨੂੰ ਬਦਲ ਕੇ ਹਲਕਾ ਪੂਰਬੀ ਬਣਾ ਦਿੱਤਾ ਗਿਆ। ਇੱਥੋਂ ਕਾਂਗਰਸ ਨੇ ਦੂਜੀ ਵਾਰ ਸੰਜੈ ਤਲਵਾੜ ’ਤੇ ਦਾਅ ਖੇਡਿਆ ਹੈ ਜਦੋਂਕਿ ਦਲਜੀਤ ਭੋਲਾ ਗਰੇਵਾਲ ‘ਆਪ’ ਤੋਂ ਹਨ ਤੇ ਰਣਜੀਤ ਸਿੰਘ ਢਿੱਲੋਂ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਹਨ। ਭਾਜਪਾ ਗਠਜੋੜ ਤਹਿਤ ਇਹ ਸੀਟ ਪੰਜਾਬ ਲੋਕ ਕਾਂਗਰਸ ਦੇ ਹਿੱਸੇ ਆਈ ਹੈ। ਗਠਜੋੜ ਨੇ ਜਗਮੋਹਨ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ।
ਪਾਰਟੀਆਂ ਬਦਲ ਕੇ ‘ਆਪ’ ਵਿਚ ਪਰਤੇ ਗਰੇਵਾਲ
ਦਲਜੀਤ ਸਿੰਘ ਗਰੇਵਾਲ ਪਹਿਲਾਂ ਆਜ਼ਾਦ ਕੌਂਸਲਰ ਜਿੱਤੇ ਸਨ। ਆਪਣੇ ਇਲਾਕ ’ਚੋਂ ਦੋ ਵਾਰ ਕੌਂਸਲਰ ਰਹਿਣ ਤੋਂ ਬਾਅਦ ਉਹ ਫਿਰ ਆਜ਼ਾਦ ਚੋਣ ਮੈਦਾਨ ’ਚ ਉਤਰ ਗਏ, ਪਰ ਹਾਰ ਗਏ ਸਨ। 2017 ’ਚ ਉਹ ਦੁਬਾਰਾ ਚੋਣ ਮੈਦਾਨ ’ਚ ਉਤਰੇ ਅਤੇ ‘ਆਪ’ ਦੀ ਟਿਕਟ ’ਤੇ ਚੋਣ ਲੜੇ ਤੇ ਫਿਰ ਹਾਰ ਗਏ। ਉਸ ਤੋਂ ਬਾਅਦ ਉਹ ‘ਆਪ’ ਦੀ ਜ਼ਿਲ੍ਹਾ ਪ੍ਰਧਾਨਗੀ ਛੱਡ ਕਾਂਗਰਸ ’ਚ ਸ਼ਾਮਲ ਹੋ ਗਏ, ਪਰ ਮੁੜ ‘ਆਪ’ ਵਿਚ ਸ਼ਾਮਲ ਹੋ ਗਏ। ਹੁਣ ਦੁਬਾਰਾ ‘ਆਪ’ ਦੀ ਹੀ ਟਿਕਟ ’ਤੇ ਚੋਣ ਲੜ ਰਹੇ ਹਨ।
ਜਗਮੋਹਨ ਸ਼ਰਮਾ ਨੇ ਬਦਲੇ ਸਮੀਕਰਨ
ਹਲਕਾ ਪੂਰਬੀ ’ਚ ਹਿੰਦੂ ਭਾਈਚਾਰੇ ਦੀ ਜ਼ਿਆਦਾ ਆਬਾਦੀ ਹੈ। ਇਹ ਮੁਸਲਿਮ ਭਾਈਚਾਰੇ ਦੇ ਨਾਲ-ਨਾਲ ਲੇਬਰ ਇਲਾਕਾ ਵੀ ਹੈ। ਹਿੰਦੂ ਆਬਾਦੀ ਤੋਂ ਹੋਣ ਦਾ ਫ਼ਾਇਦਾ ਵੀ ਸੰਜੈ ਨੂੰ ਮਿਲਿਆ ਸੀ। ਇਸੇ ਲਈ ਭਾਜਪਾ ਤੇ ਪੀਐਲਸੀ ਨੇ ਉਮੀਦਵਾਰ ਜਗਮੋਹਨ ਸ਼ਰਮਾ ਨੂੰ ਉਤਾਰ ਕੇ ਹਾਲਾਤ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਜਗਮੋਹਨ ਸ਼ਰਮਾ ਦੇ ਆਉਣ ਤੋਂ ਬਾਅਦ ਤਿੰਨੇ ਉਮੀਦਵਾਰਾਂ ਦਾ ਸਮੀਕਰਨ ਬਦਲ ਗਿਆ ਹੈ।
11 ਦਿਨ ਪਹਿਲਾਂ ਮਿਲੀ ਟਿਕਟ ਤੇ ਵੀ ਜਿੱਤੇ ਸਨ ਤਲਵਾੜ
ਲੁਧਿਆਣਾ ਦਿਹਾਤੀ ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਇਹ ਸੀਟ ਸੰਜੈ ਤਲਵਾੜ ਪਹਿਲਾਂ ਆਪਣੇ ਇਲਾਕੇ ’ਚ ਤਿੰਨ ਵਾਰ ਕੌਂਸਲਰ ਰਹਿਣ ਤੋਂ ਬਾਅਦ ਜਿੱਤ ਗਏ ਸਨ। 2017 ਦੀਆਂ ਚੋਣਾਂ ’ਚ ਉਨ੍ਹਾਂ ਨੇ ਟਿਕਟ ਦਾ ਦਾਅਵਾ ਕੀਤਾ ਤੇ ਪਾਰਟੀ ਨੇ 11 ਦਿਨ ਪਹਿਲਾਂ ਉਨ੍ਹਾਂ ਨੂੰ ਹਲਕਾ ਪੂਰਬੀ ਤੋਂ ਟਿਕਟ ਦਿੱਤੀ ਤੇ ਉਹ 1581 ਵੋਟਾਂ ਨਾਲ ਜਿੱਤੇ ਸਨ। ਉਨ੍ਹਾਂ ਦੇ ਵਿਰੋਧੀ ਦਲਜੀਤ ਭੋਲਾ ਗਰੇਵਾਲ ਦੂਜੇ ਨੰਬਰ ’ਤੇ ਰਹੇ ਸਨ।